ਬਰਨਾਲਾ ਵਿੱਚ ਲਗਾਤਾਰ ਕਤਲ ਵਰਗੀਆਂ ਵੱਡੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ। ਅਜਿਹਾ ਮਾਮਲਾ ਹੁਣ ਬਰਨਾਲਾ ਦੇ ਰਾਮਬਾਗ ਰੋਡ ਦੇ ਇੱਕ ਖਾਲੀ ਪਲਾਟ ਵਿੱਚੋਂ ਸ਼ੱਕੀ ਹਾਲਾਤਾਂ ਵਿੱਚ 22 ਸਾਲਾਂ ਨੌਜਵਾਨ ਦੀ ਲਾਸ਼ ਮਿਲਣ ਕਾਰਨ ਇਲਾਕੇ ਅੰਦਰ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਖੂਨ ਨਾਲ ਲੱਥਪਥ ਹੋਈ ਸ਼ੱਕੀ ਹਾਲਾਤਾਂ ਵਿੱਚ ਮਿਲੀ ਲਾਸ਼ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਕਤਲ ਦਾ ਸ਼ੱਕ ਜਤਾਇਆ ਹੈ।
ਮ੍ਰਿਤਕ ਦੀ ਪਛਾਣ 22 ਸਾਲ ਦੇ ਸੁਰਿੰਦਰ ਸਿੰਘ ਪੁੱਤਰ ਸੋਮੀ ਸਿੰਘ, ਵਾਸੀ ਰਾਹੀ ਬਸਤੀ ਬਰਨਾਲਾ ਵਜੋਂ ਹੋਈ ਹੈ। ਜੋ ਆਪਣੇ ਪਰਿਵਾਰ ਅਤੇ ਤਿੰਨ ਭੈਣਾਂ ਦਾ ਇਕਲੌਤਾ ਸਭ ਤੋਂ ਛੋਟਾ ਭਰਾ ਸੀ। ਮ੍ਰਿਤਕ ਸੁਰਿੰਦਰ ਸਿੰਘ, ਹਿਮਾਚਲ ਪ੍ਰਦੇਸ਼ ਵਿੱਚ ਬੱਸਾਂ ਦੀਆਂ ਬਾਡੀਆਂ ਲਾਉਣ ਦਾ ਕੰਮ ਕਰਦਾ ਸੀ ਜੋ ਆਪਣੀ ਦਾਦੀ ਦੀ ਮੌਤ ਤੋਂ ਬਾਅਦ ਉਸਦੇ ਭੋਗ ਤੇ ਪਿਛਲੇ 8 ਦਿਨਾਂ ਤੋਂ ਪੰਜਾਬ ਆਪਣੇ ਘਰ ਬਰਨਾਲਾ ਪਹੁੰਚਿਆ ਹੋਇਆ ਸੀ।
ਇਸ ਮੌਕੇ ਰੋਂਦੇ ਕੁਰਲਾਉਂਦਿਆਂ ਮ੍ਰਿਤਕ ਦੇ ਪਿਤਾ ਸੋਮੀ ਸਿੰਘ ਅਤੇ ਸਤਨਾਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਰਿੰਦਰ ਸਿੰਘ ਪਿਛਲੇ ਤਿੰਨ ਦਿਨਾਂ ਤੋਂ ਘਰੋਂ ਲਾਪਤਾ ਸੀ। ਜਿਸਦੀ ਬਰਨਾਲਾ ਪੁਲਿਸ ਨੂੰ ਜਾਣਕਾਰੀ ਵੀ ਦਿੱਤੀ ਗਈ ਸੀ ਅਤੇ ਤਲਾਸ਼ ਕੀਤੀ ਜਾ ਰਹੀ ਸੀ ਤਾਂ ਅੱਜ ਪਤਾ ਲੱਗਿਆ ਕਿ ਉਸਦੀ ਲਾਸ਼ ਇੱਕ ਖਾਲੀ ਪਲਾਟ ਵਿੱਚ ਪਈ ਹੈ। ਜਦੋਂ ਪਰਿਵਾਰਿਕ ਮੈਂਬਰਾਂ ਨੇ ਮੌਕੇ ‘ਤੇ ਜਾਕੇ ਦੇਖਿਆ ਤਾਂ ਸੁਰਿੰਦਰ ਸਿੰਘ ਦੀ ਲਾਸ ਖ਼ਾਲੀ ਪਲਾਟ ਵਿੱਚ ਕੰਧ ਨਾਲ ਪਈ ਸੀ। ਮ੍ਰਿਤਕ ਦੇ ਮੂੰਹ, ਪੇਟ ਅਤੇ ਬਾਹਾਂ ‘ਤੇ ਬੇਰਹਿਮੀ ਨਾਲ ਕੁੱਟਮਾਰ ਦੇ ਨਿਸ਼ਾਨ ਸਨ ਅਤੇ ਉਸਦਾ ਮੂੰਹ ਖੂਨ ਨਾਲ ਲੱਥ ਪੱਥ ਨਜ਼ਰ ਆ ਰਿਹਾ ਸੀ, ਪਰਿਵਾਰਕ ਮੈਂਬਰਾਂ ਨੇ ਪੱਕੇ ਤੌਰ ਤੇ ਅਸ਼ੰਕਾ ਜਾਹਿਰ ਕੀਤੀ ਕਿ ਉਹਨਾਂ ਦੇ ਪੁੱਤ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ।
ਮ੍ਰਿਤਕ ਦੇ ਪਿਤਾ ਸੋਮੀ ਸਿੰਘ ਨੇ ਆਪਣੇ ਇਕਲੋਤੇ ਪੁੱਤ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਉਸ ਦਾ ਇਕਲੌਤਾ ਪੁੱਤ ਅੱਜ ਇਸ ਦੁਨੀਆ ਵਿੱਚ ਨਹੀਂ ਰਿਹਾ ਪਰ ਉਹਨਾਂ ਦੇ ਪੁੱਤ ਨੂੰ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਉਹਨਾਂ ਨੂੰ ਬਣਦਾ ਇਨਸਾਫ਼ ਦਿੱਤਾ ਜਾਵੇ। ਪਰਿਵਾਰਿਕ ਮੈਂਬਰਾਂ ਨੇ ਇਹ ਵੀ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਅਤੇ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ ਤਾਂ ਮ੍ਰਿਤਕ ਦੀ ਲਾਸ ਦਾ ਪੋਸਟ ਮਾਸਟਮ ਨਹੀਂ ਕਰਵਾਇਆ ਜਾਵੇਗਾ ਅਤੇ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸੇਵਾਮੁਕਤ ਲੈਫਟੀਨੈਂਟ ਜਨਰਲ ਡੀ.ਐਸ. ਹੁੱਡਾ ਦੀ ਕਾਰ ਪੰਜਾਬ ਪੁਲਿਸ ਦੀ ਗੱਡੀ ਨਾਲ ਟਕਰਾਈ, DGP ਪੰਜਾਬ ਨੇ ਜਾਂਚ ਦੇ ਦਿੱਤੇ ਹੁਕਮ
ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਈ, ਜਿੰਨਾਂ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਪੋਸਟ ਮਾਸਟਮ ਲਈ ਰੱਖ ਦਿੱਤਾ ਗਿਆ। ਮ੍ਰਿਤਕ ਨੂੰ ਕੁਝ ਨੌਜਵਾਨ ਘਰੋਂ ਬੁਲਾ ਕੇ ਨਾਲ ਲੈ ਗਏ ਸਨ ਅਤੇ ਉਸ ਦਾ ਮੋਬਾਇਲ ਫੋਨ ਘਰ ਹੀ ਪਿਆ ਹੈ। ਘਟਨਾ ਵਾਲੀ ਥਾਂ ਤੋਂ ਮ੍ਰਿਤਕ ਦੀ ਲਾਸ਼ ਕੋਲੋਂ ਸਟਰਿੰਗ ਕੋਲ ਡਰਿੰਕ ਅਤੇ ਇੱਕ ਮਾਚਿਸ ਦੀ ਡੱਬੀ ਵੀ ਦਿਖਾਈ ਦਿੱਤੀ।
ਪਰਿਵਾਰਿਕ ਮੈਂਬਰਾਂ ਨੇ ਇਹ ਵੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਹਨਾਂ ਦਾ ਪੁੱਤ ਕੋਈ ਵੀ ਨਸ਼ਾ ਨਹੀਂ ਕਰਦਾ ਸੀ। ਦਾਦੀ ਦੇ ਭੋਗ ‘ਤੇ ਆਏ ਪੋਤੇ ਦੀ ਮੌਤ ਤੋਂ ਬਾਅਦ ਘਰ ਵਿੱਚ ਮਾਤਮ ਦਾ ਮਾਹੌਲ ਹੈ। ਪੁਲਿਸ ਮੁਲਾਜ਼ਮ ਸਤਨਾਮ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਜਿਸ ਤਹਿਤ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਲਾਸ਼ ਸਰਕਾਰੀ ਹਸਪਤਾਲ ਮੋਰਚੀ ਬਰਨਾਲਾ ਵਿੱਚ ਰਖਵਾ ਦਿੱਤੀ ਗਈ ਹੈ। ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























