ਬਿਲਾਵਲੁ ਮਹਲਾ ੩ ਘਰੁ ੧
ੴ ਸਤਿਗੁਰ ਪ੍ਰਸਾਦਿ ॥
ਧ੍ਰਿਗੁ ਧ੍ਰਿਗੁ ਖਾਇਆ ਧ੍ਰਿਗੁ ਧ੍ਰਿਗੁ ਸੋਇਆ ਧ੍ਰਿਗੁ ਧ੍ਰਿਗੁ ਕਾਪੜੁ ਅੰਗਿ ਚੜਾਇਆ ॥ ਧ੍ਰਿਗੁ ਸਰੀਰੁ ਕੁਟੰਬ ਸਹਿਤ ਸਿਉ ਜਿਤੁ ਹੁਣਿ ਖਸਮੁ ਨ ਪਾਇਆ ॥ ਪਉੜੀ ਛੁੜਕੀ ਫਿਰਿ ਹਾਥਿ ਨ ਆਵੈ ਅਹਿਲਾ ਜਨਮੁ ਗਵਾਇਆ ॥੧॥ ਦੂਜਾ ਭਾਉ ਨ ਦੇਈ ਲਿਵ ਲਾਗਣਿ ਜਿਨਿ ਹਰਿ ਕੇ ਚਰਣ ਵਿਸਾਰੇ ॥ ਜਗਜੀਵਨ ਦਾਤਾ ਜਨ ਸੇਵਕ ਤੇਰੇ ਤਿਨ ਕੇ ਤੈ ਦੂਖ ਨਿਵਾਰੇ ॥੧॥ ਰਹਾਉ ॥
ਹੇ ਭਾਈ! ਇਸ ਸਰੀਰ ਦੀ ਰਾਹੀਂ ਇਸ ਜਨਮ ਵਿਚ ਖਸਮ-ਪ੍ਰਭੂ ਦਾ ਮਿਲਾਪ ਹਾਸਲ ਨਹੀਂ ਕੀਤਾ, ਤਾਂ ਇਹ ਸਰੀਰ ਫਿਟਕਾਰ-ਜੋਗ ਹੈ, (ਨੱਕ ਕੰਨ ਅੱਖਾਂ ਆਦਿਕ ਸਾਰੇ) ਪਰਵਾਰ ਸਮੇਤ ਫਿਟਕਾਰ-ਜੋਗ ਹੈ। (ਮਨੁੱਖ ਦਾ ਸਭ ਕੁਝ) ਖਾਣਾ ਫਿਟਕਾਰ-ਜੋਗ ਹੈ, ਸੌਣਾ (ਸੁਖ-ਆਰਾਮ) ਫਿਟਕਾਰ-ਜੋਗ ਹੈ, ਸਰੀਰ ਉਤੇ ਕੱਪੜਾ ਪਹਿਨਣਾ ਫਿਟਕਾਰ-ਜੋਗ ਹੈ। (ਇਹ ਮਨੁੱਖਾ ਸਰੀਰ ਪ੍ਰਭੂ ਦੇ ਦੇਸ ਵਿਚ ਪਹੁੰਚਣ ਲਈ ਪੌੜੀ ਹੈ) ਜੇ ਇਹ ਪੌੜੀ (ਹੱਥੋਂ) ਨਿਕਲ ਜਾਏ ਤਾਂ ਮੁੜ ਹੱਥ ਵਿਚ ਨਹੀਂ ਆਉਂਦੀ। ਮਨੁੱਖ ਆਪਣਾ ਬੜਾ ਕੀਮਤੀ ਜੀਵਨ ਗਵਾ ਲੈਂਦਾ ਹੈ ॥੧॥ ਮਾਇਆ ਦਾ ਮੋਹ, ਜਿਸ ਨੇ (ਜੀਵਾਂ ਨੂੰ) ਪਰਮਾਤਮਾ ਦੇ ਚਰਨ (ਮਨ ਵਿਚ ਵਸਾਣੇ) ਭੁਲਾ ਦਿੱਤੇ ਹਨ, (ਪਰਮਾਤਮਾ ਦੇ ਚਰਨਾਂ ਵਿਚ) ਸੁਰਤ ਜੋੜਨ ਨਹੀਂ ਦੇਂਦਾ। ਹੇ ਪ੍ਰਭੂ! ਤੂੰ ਆਪ ਹੀ ਜਗਤ ਨੂੰ ਆਤਮਕ ਜੀਵਨ ਦੇਣ ਵਾਲਾ ਹੈਂ। ਜੇਹੜੇ ਬੰਦੇ ਤੇਰੇ ਸੇਵਕ ਬਣਦੇ ਹਨ, ਉਹਨਾਂ ਦੇ ਤੂੰ (ਮੋਹ ਤੋਂ ਪੈਦਾ ਹੋਣ ਵਾਲੇ ਸਾਰੇ) ਦੁੱਖ ਦੂਰ ਕਰ ਦਿੱਤੇ ਹਨ ॥੧॥ ਰਹਾਉ॥
Bilaaval, Third Mehl, First House: One Universal Creator God. By The Grace Of The True Guru: Cursed, cursed is the food; cursed, cursed is the sleep; cursed, cursed are the clothes worn on the body. Cursed is the body, along with family and friends, when one does not find his Lord and Master in this life. He misses the step of the ladder, and this opportunity will not come into his hands again; his life is wasted, uselessly. ||1|| The love of duality does not allow him to lovingly focus his attention on the Lord; he forgets the Feet of the Lord. O Life of the World, O Great Giver, you eradicate the sorrows of your humble servants. ||1||Pause||






















