ਵਡਹੰਸੁ ਮਹਲਾ ੩ ॥
ਮਨ ਮੇਰਿਆ ਤੂ ਸਦਾ ਸਚੁ ਸਮਾਲਿ ਜੀਉ ॥ ਆਪਣੈ ਘਰਿ ਤੂ ਸੁਖਿ ਵਸਹਿ ਪੋਹਿ ਨ ਸਕੈ ਜਮਕਾਲੁ ਜੀਉ ॥ ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਾਚੈ ਸਬਦਿ ਲਿਵ ਲਾਏ ॥ ਸਦਾ ਸਚਿ ਰਤਾ ਮਨੁ ਨਿਰਮਲੁ ਆਵਣੁ ਜਾਣੁ ਰਹਾਏ ॥ ਦੂਜੈ ਭਾਇ ਭਰਮਿ ਵਿਗੁਤੀ ਮਨਮੁਖਿ ਮੋਹੀ ਜਮਕਾਲਿ ॥ ਕਹੈ ਨਾਨਕੁ ਸੁਣਿ ਮਨ ਮੇਰੇ ਤੂ ਸਦਾ ਸਚੁ ਸਮਾਲਿ ॥੧॥
ਹੇ ਮੇਰੇ ਮਨ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਤੂੰ ਸਦਾ ਆਪਣੇ ਅੰਦਰ ਵਸਾਈ ਰੱਖ, (ਇਸ ਦੀ ਬਰਕਤਿ ਨਾਲ) ਤੂੰ ਆਪਣੇ ਅੰਤਰ ਆਤਮੇ ਆਨੰਦ ਨਾਲ ਟਿਕਿਆ ਰਹੇਂਗਾ, ਆਤਮਕ ਮੌਤ ਤੇਰੇ ਉਤੇ ਆਪਣਾ ਜ਼ੋਰ ਨਹੀਂ ਪਾ ਸਕੇਗੀ। ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਵਿਚ, ਗੁਰੂ ਦੇ ਸ਼ਬਦ ਵਿਚ, ਸੁਰਤਿ ਜੋੜੀ ਰੱਖਦਾ ਹੈ, ਮੌਤ (ਆਤਮਕ ਮੌਤ) ਉਸ ਵਲ ਤੱਕ ਭੀ ਨਹੀਂ ਸਕਦੀ, ਉਸ ਦਾ ਮਨ ਸਦਾ-ਥਿਰ ਪ੍ਰਭੂ ਦੇ ਰੰਗ ਵਿਚ ਸਦਾ ਰੰਗਿਆ ਰਹਿ ਕੇ ਪਵਿਤ੍ਰ ਹੋ ਜਾਂਦਾ ਹੈ, ਉਸ ਮਨੁੱਖ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਲੁਕਾਈ ਮਾਇਆ ਦੇ ਪਿਆਰ ਵਿਚ ਮਾਇਆ ਦੀ ਭਟਕਣਾ ਵਿਚ ਖ਼ੁਆਰ ਹੁੰਦੀ ਰਹਿੰਦੀ ਹੈ, ਆਤਮਕ ਮੌਤ ਨੇ ਉਸ ਨੂੰ ਆਪਣੇ ਮੋਹ ਵਿਚ ਫਸਾ ਰੱਖਿਆ ਹੁੰਦਾ ਹੈ। (ਇਸ ਵਾਸਤੇ) ਨਾਨਕ ਆਖਦਾ ਹੈ-ਹੇ ਮੇਰੇ ਮਨ! (ਮੇਰੀ ਗੱਲ) ਸੁਣ, ਤੂੰ ਸਦਾ-ਥਿਰ ਪ੍ਰਭੂ ਨੂੰ ਸਦਾ ਆਪਣੇ ਅੰਦਰ ਵਸਾਈ ਰੱਖ।੧।
Wadahans, Third Mehl: O my mind, contemplate the True Lord forever. Dwell in peace in the home of your own self, and the Messenger of Death shall not touch you. The noose of the Messenger of Death shall not touch you, when you embrace love for the True Word of the Shabad. Ever imbued with the True Lord, the mind becomes immaculate, and its coming and going is ended. The love of duality and doubt have ruined the self-willed manmukh, who is lured away by the Messenger of Death. Says Nanak, listen, O my mind: contemplate the True Lord forever. ||1||