ਲੁਧਿਆਣਾ : ਪੰਜਾਬ ਦੇ ਲੁਧਿਆਣਾ ‘ਚ ਇਕ ਕਾਰੋਬਾਰੀ ਦੀ ਇਨੋਵਾ ਕਾਰ ‘ਚੋਂ 8 ਲੱਖ ਰੁਪਏ ਚੋਰੀ ਹੋ ਗਏ। ਇਸ ਮਾਮਲੇ ਵਿੱਚ ਇੱਕ CCTV ਫੁਟੇਜ ਵੀ ਪੁਲਿਸ ਦੇ ਹੱਥ ਲੱਗੀ ਹੈ। ਵੀਡੀਓ ‘ਚ ਇਕ ਸ਼ੱਕੀ ਵਿਅਕਤੀ ਕਾਰ ਦੇ ਆਲੇ-ਦੁਆਲੇ ਘੁੰਮਦਾ ਨਜ਼ਰ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੋਸ਼ੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ। ਇਹ ਘਟਨਾ ਲਾਡੋਵਾਲ ਚੌਕ ਦੇ ਨੇੜੇ ਦੀ ਹੈ। ਥਾਣਾ ਲਾਡੋਵਾਲ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਮੁਲਜ਼ਮਾਂ ਦੇ ਵੱਖ-ਵੱਖ ਟਿਕਾਣਿਆਂ ਦੀ ਜਾਣਕਾਰੀ ਪੁਲਿਸ ਕੋਲ ਪਹੁੰਚ ਰਹੀ ਹੈ। ਇਸ ਘਟਨਾ ਤੋਂ ਬਾਅਦ ਹੁਣ ਲੁਧਿਆਣਾ ਦੇ ਹਾਈਵੇਅ ਦੀ ਸੁਰੱਖਿਆ ‘ਤੇ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ। ਹਾਈਵੇਅ ’ਤੇ ਇਸ ਤਰ੍ਹਾਂ ਦੀਆਂ ਚੋਰੀ ਦੀਆਂ ਘਟਨਾਵਾਂ ਇਲਾਕੇ ਦੀ ਪੁਲਿਸ ਦੀ ਢਿੱਲ ਨੂੰ ਦਰਸਾਉਂਦੀਆਂ ਹਨ।
ਵਪਾਰੀ ਕਰਨ ਗਾਬਾ ਵਾਸੀ BRS ਨਗਰ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਬਹਾਦਰਕੇ ਰੋਡ ਤੋਂ ਆਪਣੀ ਇਨੋਵਾ ਕਾਰ ’ਤੇ ਘਰ ਜਾ ਰਿਹਾ ਸੀ। ਜਦੋਂ ਉਹ ਲਾਡੋਵਾਲ ਚੌਕ ਨੇੜੇ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਕਾਰ ਦਾ ਟਾਇਰ ਪੰਕਚਰ ਹੋ ਗਿਆ ਹੈ। ਉਸ ਨੇ ਕਾਰ ਖੜ੍ਹੀ ਕਰਕੇ ਪੰਕਚਰ ਚੈੱਕ ਕੀਤਾ, ਜਿਸ ਤੋਂ ਬਾਅਦ ਉਹ ਆ ਕੇ ਕਾਰ ਵਿਚ ਬੈਠ ਗਿਆ। ਉਸ ਨੇ ਦੇਖਿਆ ਕਿ ਉਸ ਦੀ ਕਾਰ ਵਿੱਚੋਂ ਕਰੀਬ 8 ਲੱਖ ਰੁਪਏ ਚੋਰੀ ਹੋ ਗਏ ਸਨ। ਕਰਨ ਗਾਬਾ ਅਨੁਸਾਰ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੀ ਕਾਰ ਵਿੱਚੋਂ ਪੈਸੇ ਚੋਰੀ ਕਰ ਲਏ।
ਇਹ ਵੀ ਪੜ੍ਹੋ : ਪੁਲਿਸ ਵਾਲੇ ਦਾ ਖੌਫਨਾਕ ਕਾਰਾ, ਪਤਨੀ ‘ਤੇ ਮਿੱਟੀ ਦਾ ਤੇਲ ਪਾ ਕੇ ਜਿਊਂਦਾ ਸਾੜਿਆ
ਜਾਣਕਾਰੀ ਅਨੁਸਾਰ ਹੁਣ ਤੱਕ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪੁਲਿਸ ਨੇ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ। ਮੁਲਜ਼ਮ ਦਾ ਇੱਕ ਹੋਰ ਸਾਥੀ ਵੀ ਹੈ ਜੋ ਵਾਰਦਾਤ ਤੋਂ ਬਾਅਦ ਲੁਟੇਰੇ ਨੂੰ ਆਪਣੀ ਬਾਈਕ ‘ਤੇ ਲੈ ਗਿਆ। ਸ਼ਹਿਰ ਵਿੱਚ ਲੱਗੇ ਸੇਫ਼ ਸਿਟੀ ਕੈਮਰੇ ਦੀ ਮਦਦ ਨਾਲ ਪੁਲਿਸ ਲਗਾਤਾਰ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: