ਪੰਜਾਬ ਦੇ ਜਲੰਧਰ ਸ਼ਹਿਰ ‘ਚ ਥਾਣਾ ਰਾਮਾਮੰਡੀ ਅਧੀਨ ਪੈਂਦੇ ਪਿੰਡ ਲੱਧੇਵਾਲੀ ‘ਚ ਕੁਝ ਨੌਜਵਾਨਾਂ ਵੱਲੋਂ ਵਿਆਹ ‘ਚ ਵਿਘਨ ਪਾਉਣ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨਾਂ ਨੇ ਵਿਆਹ ਤੋਂ ਪਹਿਲਾਂ ਆਯੋਜਿਤ ਜਾਗੋ ਪ੍ਰੋਗਰਾਮ ‘ਚ ਪਹੁੰਚ ਕੇ ਕਾਫੀ ਹੰਗਾਮਾ ਕੀਤਾ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ 3 ਲੋਕਾਂ ਨੂੰ ਜ਼ਖਮੀ ਕਰ ਦਿੱਤਾ। ਤਿੰਨਾਂ ਨੂੰ ਦੇਰ ਰਾਤ ਸਿਵਲ ਹਸਪਤਾਲ ਲਿਆਂਦਾ ਗਿਆ।
ਸਿਵਲ ਹਸਪਤਾਲ ਪੁੱਜੇ ਜ਼ਖ਼ਮੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਵਿਆਹ ਸਮਾਗਮ ਚੱਲ ਰਿਹਾ ਹੈ। ਦੇਰ ਰਾਤ ਜਾਗੋ ਦਾ ਪ੍ਰੋਗਰਾਮ ਸੀ ਅਤੇ ਉੱਥੇ ਤਿੰਨ ਨੌਜਵਾਨ ਬਿੱਲਾ, ਮੋਟਾ ਅਤੇ ਐਲਬਰਟ ਆਪਣੇ ਸਾਥੀਆਂ ਨਾਲ ਆਏ ਅਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਨਾਂ ਨੇ ਪਿਸਤੌਲ ਕੱਢ ਕੇ ਫਾਇਰ ਕਰਨਾ ਚਾਹੀ ਤਾਂ ਪਰਿਵਾਰਕ ਮੈਂਬਰਾਂ ਨੇ ਉਨਾਂ ਦੀ ਪਿਸਤੌਲ ਫੜ ਲਈ। ਜ਼ਖਮੀ ਸ਼ਿਵ ਕੁਮਾਰ, ਜਿਸ ਦੇ ਲੜਕੇ ਦਾ ਵਿਆਹ ਹੈ, ਉਸ ਨੇ ਦੱਸਿਆ ਕਿ ਉਸ ਨੇ ਨੌਜਵਾਨਾਂ ਨੂੰ ਫਾਇਰ ਨਾ ਕਰਨ ਅਤੇ ਘਰ ਤੋਂ ਜਾਣ ਲਈ ਕਿਹਾ। ਉਹ ਉਸ ਸਮੇਂ ਘਰੋਂ ਨਿਕਲ ਗਏ ਪਰ ਕੁਝ ਸਮੇਂ ਬਾਅਦ ਸਾਥੀਆਂ ਨਾਲ ਆ ਕੇ ਹਮਲਾ ਕਰ ਦਿੱਤਾ।
ਸ਼ਿਵ ਕੁਮਾਰ ਨੇ ਦੱਸਿਆ ਕਿ ਜਦੋਂ ਨੌਜਵਾਨਾਂ ਨੇ ਵਿਆਹ ‘ਚ ਸ਼ਾਮਲ ਹੋਣ ਲਈ ਆਏ ਰਿਸ਼ਤੇਦਾਰਾਂ ‘ਤੇ ਹਮਲਾ ਕੀਤਾ ਤਾਂ ਸਾਰੇ ਜਾਗੋ ਦੌਰਾਨ ਨੱਚ ਰਹੇ ਸਨ ਅਤੇ ਗਾ ਰਹੇ ਸਨ। ਅਚਾਨਕ ਜਲੰਧਰ ਛਾਉਣੀ ਦੇ ਰਹਿਣ ਵਾਲੇ ਬਿੱਲਾ, ਮੋਟਾ ਅਤੇ ਐਲਬਰਟ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਸ਼ਿਵ ਕੁਮਾਰ ਨੇ ਦੱਸਿਆ ਕਿ ਉਸ ਦੀ ਲੱਤ ਦੇ ਪਿਛਲੇ ਹਿੱਸੇ ਵਿੱਚ ਵਾਰ ਕੀਤਾ ਗਿਆ ਸੀ। ਹੁਣ ਉਸ ਦੀ ਲੱਤ ਕੰਮ ਨਹੀਂ ਕਰ ਰਹੀ ਅਤੇ ਖੂਨ ਵੀ ਬਹੁਤ ਵਹਿ ਗਿਆ ਹੈ। ਇਕ ਨੌਜਵਾਨ ਦੇ ਮੱਥੇ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਗਿਆ। ਇੱਕ ਹੋਰ ਨੌਜਵਾਨ ਦੇ ਹੱਥ ਵਿੱਚ ਸੱਟ ਲੱਗੀ ਹੈ।