ਇੱਕ ਪਾਸੇ ਜਿੱਥੇ ਪਾਕਿਸਤਾਨ ਪੂਰੀ ਤਰ੍ਹਾਂ ਨਾਲ ਕੰਗਾਲੀ ਦੀ ਕਗਾਰ ‘ਤੇ ਖੜ੍ਹਾ ਨਜ਼ਰ ਆ ਰਿਹਾ ਹੈ। ਮਹਿੰਗਾਈ ਸਿਖਰਾਂ ‘ਤੇ ਹੈ, ਆਟਾ ਤੇ ਦਾਲ ਵਰਗੀਆਂ ਮੁੱਢਲੀਆਂ ਚੀਜ਼ਾਂ ਵੀ ਖਰੀਦਣਾ ਆਮ ਲੋਕਾਂ ਲਈ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਉੱਥੇ ਹੀ ਹੁਣ ਬਿਜਲੀ ਦੀ ਸਮੱਸਿਆ ਨੇ ਲੋਕਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਪਾਕਿਸਤਾਨ ਵਿੱਚ ਹੁਣ ਬਿਜਲੀ ਸੰਕਟ ਵੀ ਵਧਦਾ ਜਾ ਰਿਹਾ ਹੈ। ਹਾਈਟੈਂਸ਼ਨ ਟ੍ਰਾਂਸਮਿਸ਼ਨ ਲਾਈਨਾਂ ਵਿੱਚ ਖਰਾਬੀ ਹੋਣ ਦੇ ਮੱਦੇਨਜ਼ਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਬਿਜਲੀ ਗੁੱਲ ਹੋ ਗਈ ਹੈ। ਦੱਸ ਦੇਈਏ ਕਿ ਪਾਕਿਸਤਾਨ ਪਹਿਲਾਂ ਹੀ ਬਿਜਲੀ ਦੀ ਕਿਲੱਤ ਅਤੇ ਲੰਬੀ ਕਟੌਤੀ ਦਾ ਸਾਹਮਣਾ ਕਰ ਰਿਹਾ ਹੈ। ਸਰਕਾਰ ਬਿਜਲੀ ਬਚਾਉਣ ਲਈ ਬਜ਼ਾਰਾਂ ਨੂੰ 8 ਵਜੇ ਹੀ ਬੰਦ ਕਰਨ ਦੇ ਆਦੇਸ਼ ਜਾਰੀ ਕਰ ਚੁੱਕੀ ਹੈ।
ਪਾਕਿਸਤਾਨੀ ਮੀਡੀਆ ਅਨੁਸਾਰ ਕਰਾਚੀ ਤੇ ਲਾਹੌਰ ਦੇ ਕਈ ਖੇਤਰਾਂ ਵਿੱਚ ਬਿਜਲੀ ਨਹੀਂ ਹੈ। ਕਵੇਟਾ ਸਣੇ ਬਲੂਚਿਸਤਾਨ ਦੇ 22 ਜ਼ਿਲ੍ਹਿਆਂ ਵਿੱਚ ਬਿਜਲੀ ਨਹੀਂ ਹੈ। ਬਿਜਲੀ ਨਾ ਹੋਣ ਕਾਰਨ ਮੈਟਰੋ ਸੇਵਾ ਵੀ ਪ੍ਰਭਾਵਿਤ ਹੋਈ ਹੈ, ਜਿਸ ਨਾਲ ਯਾਤਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਲਾਮਾਬਾਦ ਬਿਜਲੀ ਸਪਲਾਈ ਕੰਪਨੀ ਦੇ 117 ਗਰਿੱਡ ਸਟੇਸ਼ਨਾਂ ਦੀ ਬਿਜਲੀ ਸਪਲਾਈ ਵੀ ਰੁਕੀ ਹੋਈ ਹੈ ਜਿਸ ਨਾਲ ਪੂਰਾ ਸ਼ਹਿਰ ਤੇ ਰਾਵਲਪਿੰਡੀ ਵੀ ਹਨੇਰੇ ਵਿੱਚ ਡੁੱਬ ਗਿਆ ਹੈ।
ਇਹ ਵੀ ਪੜ੍ਹੋ: ਮੰਦਭਾਗੀ ਖਬਰ: ਕੈਨੇਡਾ ਦੇ ਕੈਲਗਰੀ ‘ਚ ਪੰਜਾਬੀ ਟਰੱਕ ਡਰਾਈਵਰ ਦੀ ਸੜਕ ਹਾਦਸੇ ‘ਚ ਮੌਤ
ਪਾਕਿਸਤਾਨੀ ਨਿਊਜ਼ ਵੈੱਬਸਾਈਟ ‘ਦੁਨੀਆ ਨਿਊਜ਼’ ਮੁਤਾਬਕ ਬਲੋਚਿਸਤਾਨ ਦੇ ਕਵੇਟਾ, ਇਸਲਾਮਾਬਾਦ, ਲਾਹੌਰ, ਮੁਲਤਾਨ ਖੇਤਰ ਦੇ ਸ਼ਹਿਰਾਂ ਅਤੇ ਕਰਾਚੀ ਵਰਗੇ ਕਈ ਵੱਡੇ ਸ਼ਹਿਰਾਂ ਸਮੇਤ 22 ਜ਼ਿਲ੍ਹਿਆਂ ਬਿਜਲੀ ਕੱਟ ਲੱਗ ਗਏ ਹਨ। ਲਾਹੌਰ ਵਿੱਚ ਮਾਲ ਰੋਡ, ਕੈਨਾਲ ਰੋਡ ਅਤੇ ਹੋਰ ਇਲਾਕਿਆਂ ਵਿੱਚ ਲੋਕ ਬਿਜਲੀ ਕੱਟ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਰਿਪੋਰਟਾਂ ਦੇ ਅਨੁਸਾਰ, ਟਰਾਂਸਮਿਸ਼ਨ ਲਾਈਨਾਂ ਵਿੱਚ ਤਕਨੀਕੀ ਖਰਾਬੀ ਕਾਰਨ ਸਿੰਧ, ਖੈਬਰ ਪਖਤੂਨਖਵਾ, ਪੰਜਾਬ ਅਤੇ ਰਾਜਧਾਨੀ ਵਿੱਚ ਬਿਜਲੀ ਠੱਪ ਹੋ ਗਈ ਹੈ।
ਇਸ ਸਬੰਧੀ ਊਰਜਾ ਮੰਤਰਾਲੇ ਨੇ ਕਿਹਾ ਕਿ ਨੈਸ਼ਨਲ ਗਰਿੱਡ ਸਵੇਰੇ 7.34 ਵਜੇ ਡਾਊਨ ਹੋ ਗਿਆ। ਇਸਦੇ ਚੱਲਦਿਆਂ ਪਾਵਰ ਸਿਸਟਮ ਫ਼ੇਲ੍ਹ ਹੋ ਗਿਆ। ਮੰਤਰਾਲੇ ਨੇ ਕਿਹਾ ਕਿ ਸਿਸਟਮ ਨੂੰ ਸੁਧਾਰਨ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਊਰਜਾ ਮੰਤਰੀ ਖੁਰਰਮ ਦਸਤਗੀਰ ਨੇ ਮੀਡੀਆ ਨੂੰ ਦੱਸਿਆ ਕਿ ਪਾਕਿਸਤਾਨ ਵਿੱਚ ਸਰਦੀਆਂ ਦੇ ਦੌਰਾਨ ਬਿਜਲੀ ਬਚਾਉਣ ਦੇ ਲਈ ਪਾਵਰ ਜਨਰੇਸ਼ਨ ਯੂਨਿਟਾਂ ਨੂੰ ਬੰਦ ਰੱਖਿਆ ਜਾਂਦਾ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਅਕਤੂਬਰ ਵਿੱਚ ਪਾਕਿਸਤਾਨ ਨੇ ਇੱਕ ਵੱਡੇ ਬਿਜਲੀ ਸੰਕਟ ਦਾ ਸਾਹਮਣਾ ਕੀਤਾ ਸੀ। ਉਸ ਦੌਰਾਨ ਕਰਾਚੀ ਤੇ ਲਾਹੌਰ ਸਣੇ ਦੇਸ਼ ਦੇ ਵੱਡੇ ਹਿੱਸਿਆਂ ਵਿੱਚ ਬਿਜਲੀ 12 ਘੰਟਿਆਂ ਤੋਂ ਵੱਧ ਸਮੇਂ ਤੱਕ ਗੁੱਲ ਰਹੀ ਸੀ। ਜਿਸ ਕਾਰਨ ਕਈ ਇਲਾਕੇ ਹਨੇਰੇ ਵਿੱਚ ਡੁੱਬ ਗਏ ਸਨ।
ਵੀਡੀਓ ਲਈ ਕਲਿੱਕ ਕਰੋ -: