ਇੰਡੀਅਨ ਪ੍ਰੀਮਿਅਰ ਲੀਗ (IPL) ਵਿੱਚ ਅੱਜ ਲਖਨਊ ਸੁਪਰ ਜਾਈਂਟਸ ਤੇ ਰਾਇਲ ਚੈਲੰਜਰਸ ਬੈਂਗਲੁਰੁ ਦੇ ਵਿਚਾਲੇ ਲੀਗ ਸਟੇਜ ਦਾ ਮੁਕਾਬਲਾ ਖੇਡਿਆ ਜਾਵੇਗਾ। ਲਖਨਊ ਦੇ ਇਕਾਨਾ ਕ੍ਰਿਕਟ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਮੈਚ ਖੇਡਿਆ ਜਾਵੇਗਾ। ਲਖਨਊ ਤੇ ਬੈਂਗਲੁਰੂ ਪਹਿਲੀ ਵਾਰ ਇਕਾਨਾ ਮੈਦਾਨ ਵਿੱਚ ਆਹਮੋ-ਸਾਹਮਣੇ ਹੋਣਗੇ। ਦੋਵੇਂ ਟੀਮਾਂ ਇਸ ਸੀਜ਼ਨ ਵਿੱਚ ਦੂਜੀ ਵਾਰ ਭਿੜਣਗੀਆਂ। ਇਸ ਤੋਂ ਪਹਿਲਾਂ ਸੀਜ਼ਨ ਦੇ 15ਵੇਂ ਮੈਚ ਵਿੱਚ ਦੋਨਾਂ ਦਾ ਸਾਹਮਣਾ ਹੋਇਆ ਸੀ, ਉਦੋਂ ਲਖਨਊ ਨੂੰ ਇੱਕ ਵਿਕਟ ਨਾਲ ਜਿੱਤ ਮਿਲੀ ਸੀ। ਤੇਜ਼ ਗੇਂਦਬਾਜ਼ ਮਾਰਕ ਵੁੱਡ ਦੀ ਗੈਰ-ਮੌਜੂਦਗੀ ਵਿੱਚ ਲਖਨਊ ਦਾ ਗੇਂਦਬਾਜ਼ੀ ਹਮਲਾ ਕਮਜ਼ੋਰ ਹੋਇਆ ਹੈ। ਵੁੱਡ 15 ਅਪ੍ਰੈਲ ਤੋਂ ਬਾਅਦ ਇੱਕ ਵੀ ਮੈਚ ਨਹੀਂ ਖੇਡ ਸਕੇ ਹਨ ਤੇ ਟੀਮ ਨੂੰ ਉਨ੍ਹਾਂ ਦੀ ਜਲਦੀ ਵਾਪਸੀ ਦੀ ਉਮੀਦ ਹੈ।
ਲਖਨਊ ਨੇ ਇਸ ਸੀਜ਼ਨ ਵਿੱਚ ਹੁਣ ਤੱਕ 8 ਮੈਚ ਖੇਡੇ ਹਨ। ਜਿਸ ਵਿੱਚ ਲਖਨਊ ਨੂੰ 5 ਵਿੱਚ ਜਿੱਤ ਤੇ 3 ਮੈਚਾਂ ਵਿੱਚ ਹਾਰ ਮਿਲੀ ਹੈ। ਜਿਸ ਤੋਂ ਬਾਅਦ ਲਖਨਊ ਦੇ ਹੁਣ 10 ਅੰਕ ਹਨ। ਲਖਨਊ ਨੇ ਆਪਣੇ ਪਿਛਲੇ ਮੈਚ ਵਿੱਚ ਪੰਜਾਬ ਨੂੰ ਹਰਾਇਆ ਸੀ। ਬੈਂਗਲੁਰੂ ਨੂੰ ਇਸ ਸੀਜ਼ਨ ਵਿੱਚ ਹੁਣ ਤੱਕ ਖੇਡੇ ਗਏ 8 ਮੈਚਾਂ ਵਿੱਚੋਂ 4 ਵਿੱਚ ਜਿੱਤ ਤੇ 4 ਵਿੱਚ ਹਾਰ ਮਿਲੀ ਹੈ। ਜਿਸ ਤੋਂ ਬਾਅਦ ਟੀਮ ਦੇ 8 ਅੰਕ ਹਨ। ਬੈਂਗਲੁਰੂ ਨੂੰ ਆਪਣੇ ਪਿਛਲੇ ਮੈਚ ਵਿੱਚ ਕੋਲਕਾਤਾ ਤੋਂ ਹਾਰ ਮਿਲੀ ਸੀ।
ਇਹ ਵੀ ਪੜ੍ਹੋ: ਪੰਜਾਬ ‘ਚ ਕੱਲ ਤੋਂ ਸਵੇਰੇ 7:30 ਵਜੇ ਖੁੱਲ੍ਹਣਗੇ ਦਫ਼ਤਰ, 15 ਜੁਲਾਈ ਤੱਕ ਲਾਗੂ ਰਹੇਗਾ ਇਹ ਸਮਾਂ
ਦੱਸ ਦੇਈਏ ਕਿ ਲਖਨਊ ਦਾ ਇਹ ਦੂਜਾ ਸੀਜ਼ਨ ਹੈ। ਜੇਕਰ ਇੱਥੇ ਹੈੱਡ ਟੁ ਹੈੱਡ ਦੀ ਗੱਲ ਕੀਤੀ ਜਾਵੇ ਤਾਂ ਲਖਨਊ ‘ਤੇ ਬੈਂਗਲੁਰੂ ਭਾਰੀ ਰਹੀ ਹੈ। ਦੋਨੋਂ ਟੀਮਾਂ ਵਿਚਾਲੇ ਹੁਣ ਤੱਕ ਕੁੱਲ ਤਿੰਨ ਮੁਕਾਬਲੇ ਖੇਡੇ ਜਾ ਚੁੱਕੇ ਹਨ, ਜਿਸ ਵਿੱਚ ਦੋ ਵਾਰ ਬੈਂਗਲੁਰੂ ਤੇ ਇੱਕ ਵਾਰ ਲਖਨਊ ਨੂੰ ਜਿੱਤ ਮਿਲੀ ਹੈ। ਜੇਕਰ ਇੱਥੇ ਪਿੱਚ ਦੀ ਗੱਲ ਕੀਤੀ ਜਾਵੇ ਤਾਂ ਇਕਾਨਾ ਕ੍ਰਿਕਟ ਸਟੇਡੀਅਮ ਦੀ ਪਿੱਚ ਤੇਜ਼ ਗੇਂਦਬਾਜ਼ਾਂ ਦੇ ਲਈ ਬਹੁਤ ਵਧੀਆ ਹੈ। ਇਹ ਪਿੱਚ ਪਹਿਲੀ ਪਾਰੀ ਦੇ ਸ਼ੁਰੂਆਤ ਵਿੱਚ ਬੱਲੇਬਾਜ਼ਾਂ ਨੂੰ ਬਹੁਤ ਮਦਦ ਵੀ ਕਰਦੀ ਹੈ। ਸ਼ੁਰੂਆਤੀ ਓਵਰਾਂ ਵਿੱਚ ਬੱਲੇਬਾਜ਼ਾਂ ਦੇ ਲਈ ਇਸ ਪਿੱਚ ‘ਤੇ ਵੱਡੇ ਸ਼ਾਟ ਖੇਡਣੇ ਜ਼ਿਆਦਾ ਆਸਾਨ ਹੁੰਦਾ ਹੈ।
ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ
ਲਖਨਊ ਸੁਪਰ ਜਾਈਂਟਸ: ਕੇਐੱਲ ਰਾਹੁਲ(ਕਪਤਾਨ), ਕਾਇਲ ਮੇਅਰਸ, ਦੀਪਕ ਹੁੱਡਾ, ਮਾਰਕਸ ਸਟੋਇਨਿਸ, ਕਰੁਣਾਲ ਪੰਡਯਾ, ਨਿਕੋਲਸ ਪੂਰਨ (ਵਿਕਟਕੀਪਰ), ਆਯੁਸ਼ ਬਡੋਨੀ, ਨਵੀਨ ਉਲ ਹੱਕ, ਯਸ਼ ਠਾਕੁਰ, ਆਵੇਸ਼ ਖਾਨ ਤੇ ਰਵੀ ਬਿਸ਼ਨੋਈ।
ਰਾਇਲ ਚੈਲੰਜਰਸ ਬੈਂਗਲੁਰੂ: ਵਿਰਾਟ ਕੋਹਲੀ (ਕਪਤਾਨ), ਮਹਿਪਾਲ ਲੋਮਰੋਰ, ਗਲੈਨ ਮੈਕਸਵੈੱਲ, ਸ਼ਾਹਬਾਜ਼ ਅਹਿਮਦ, ਦਿਨੇਸ਼ ਕਾਰਤਿਕ (ਵਿਕਟਕੀਪਰ), ਸੁਯਸ਼ ਪ੍ਰਭੁਦੇਸਾਈ, ਵਨਿਦੁ ਹਸਰੰਗਾ, ਵਿਜੇਕੁਮਾਰ ਵੈਸ਼ਾਖ, ਮੁਹੰਮਦ ਸਿਰਾਜ, ਡੇਵਿਡ ਵਿਲੀ ਤੇ ਹਰਸ਼ਲ ਪਟੇਲ।
ਵੀਡੀਓ ਲਈ ਕਲਿੱਕ ਕਰੋ -: