ਅਰਬ ਸਾਗਰ ‘ਚ ਚੱਕਰਵਾਤ ਬਿਪਰਜੋਏ ਦੇ ਪ੍ਰਭਾਵ ਕਾਰਨ ਰਾਜਸਥਾਨ ਦੇ ਕੁਝ ਹਿੱਸਿਆਂ ‘ਚ ਪਿਛਲੇ ਦੋ ਦਿਨਾਂ ‘ਚ ਹੋ ਰਹੀ ਬੇਹੱਦ ਭਾਰੀ ਬਾਰਿਸ਼ ਕਾਰਨ ਹੋਏ ਹਾਦਸਿਆਂ ‘ਚ 7 ਲੋਕਾਂ ਦੀ ਮੌਤ ਹੋ ਗਈ ਹੈ।ਇਕ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਆਪਣੀ ਛੁੱਟੀ ਰੱਦ ਕਰ ਦਿੱਤੀ ਹੈ।
ਮੁੱਖ ਮੰਤਰੀ ਮੰਗਲਵਾਰ ਅਤੇ ਬੁੱਧਵਾਰ ਨੂੰ ਬਿਪਰਜੋਏ ਚੱਕਰਵਾਤ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਅਤੇ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕਰਨਗੇ। ਗਹਿਲੋਤ ਮੰਗਲਵਾਰ ਨੂੰ ਬਾੜਮੇਰ, ਸਿਰੋਹੀ ਅਤੇ ਜਾਲੋਰ ਜ਼ਿਲਿਆਂ ਅਤੇ ਬੁੱਧਵਾਰ ਨੂੰ ਪਾਲੀ ਅਤੇ ਜੋਧਪੁਰ ਜ਼ਿਲਿਆਂ ਦਾ ਦੌਰਾ ਕਰਨਗੇ। ਆਫ਼ਤ ਪ੍ਰਬੰਧਨ ਅਤੇ ਰਾਹਤ ਵਿਭਾਗ ਦੇ ਸਕੱਤਰ ਪੀਸੀ ਕਿਸ਼ਨ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਦਿਨਾਂ ਵਿੱਚ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੇ ਜਵਾਨਾਂ ਨੇ 133 ਲੋਕਾਂ, ਸਟੇਟ ਡਿਜ਼ਾਸਟਰ ਰਿਲੀਫ ਫੋਰਸ ਦੇ ਜਵਾਨਾਂ ਨੇ 123 ਲੋਕਾਂ ਅਤੇ ਫੌਜ ਦੇ ਜਵਾਨਾਂ ਨੇ 9 ਲੋਕਾਂ ਨੂੰ ਵੱਖ-ਵੱਖ ਥਾਵਾਂ ਤੋਂ ਸੁਰੱਖਿਅਤ ਕੱਢਿਆ ਹੈ। ਕਿਸ਼ਨ ਨੇ ਕਿਹਾ, ‘ਲਗਭਗ 15,000 ਲੋਕਾਂ ਨੂੰ ਨੀਵੇਂ ਇਲਾਕਿਆਂ ਤੋਂ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।’
ਵੀਡੀਓ ਲਈ ਕਲਿੱਕ ਕਰੋ -:
“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”
ਉਨ੍ਹਾਂ ਦੱਸਿਆ ਕਿ ਮੁੱਢਲੇ ਮੁਲਾਂਕਣ ਅਨੁਸਾਰ ਕਰੀਬ 8,700 ਕੱਚੇ ਘਰ ਅਤੇ 2,000 ਟਰਾਂਸਫਾਰਮਰ ਨੁਕਸਾਨੇ ਗਏ ਅਤੇ 8500 ਬਿਜਲੀ ਦੇ ਖੰਭੇ ਡਿੱਗ ਗਏ। ਸੋਮਵਾਰ ਨੂੰ ਅਜਮੇਰ ‘ਚ ਸਭ ਤੋਂ ਵੱਧ 100.5 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਮੌਸਮ ਵਿਭਾਗ ਦੇ ਅਨੁਸਾਰ, ਮੰਗਲਵਾਰ ਲਈ ਕਿਸੇ ਵੀ ਜ਼ਿਲ੍ਹੇ ਲਈ ਕੋਈ ਰੈੱਡ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ, ਪਰ ਸਵਾਈਮਾਧੋਪੁਰ, ਬਾਰਾਨ ਅਤੇ ਕੋਟਾ ਜ਼ਿਲ੍ਹਿਆਂ ਦੇ ਵੱਖ-ਵੱਖ ਖੇਤਰਾਂ ਵਿੱਚ ਬਹੁਤ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ। ਬੂੰਦੀ, ਟੋਂਕ, ਝਾਲਾਵਾੜ ਅਤੇ ਕਰੋਲੀ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।