ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਤੋਂ ਐਤਵਾਰ ਰਾਤ 8 ਵਜੇ ਦੇ ਕਰੀਬ ਕਾਰ ਸਵਾਰਾਂ ਵੱਲੋਂ 3 ਸਾਲਾ ਬੱਚੇ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅਗਵਾ ਉਸ ਸਮੇਂ ਹੋਇਆ ਜਦੋਂ ਬੱਚਾ ਆਪਣੇ ਪਿਤਾ ਨਾਲ ਮੋਟਰਸਾਈਕਲ ‘ਤੇ ਜਾ ਰਿਹਾ ਸੀ। ਇਹ ਘਟਨਾ ਤਰਨਤਾਰਨ ਦੇ ਪਿੰਡ ਢੋਟੀਆਂ ਵਿਖੇ ਵਾਪਰੀ। ਪੁਲਿਸ ਨੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੱਚੇ ਦੀ ਭਾਲ ਲਈ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ।
ਅਗਵਾ ਹੋਏ ਬੱਚੇ ਦੀ ਪਛਾਣ 3 ਸਾਲਾ ਗੁਰਸੇਵਕ ਸਿੰਘ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਤਰਨਤਾਰਨ ਪੁਲਿਸ ਨੇ ਦੱਸਿਆ ਕਿ ਗੁਰਸੇਵਕ ਆਪਣੇ ਪਿਤਾ ਅੰਗਰੇਜ ਸਿੰਘ ਨਾਲ ਪਿੰਡ ਢੋਟੀਆਂ ਵੱਲ ਜਾ ਰਿਹਾ ਸੀ। ਇਸ ਦੌਰਾਨ ਰਾਤ 8 ਵਜੇ ਦੇ ਕਰੀਬ ਅੰਗਰੇਜ ਸਿੰਘ ਨੇੜੇ ਅਚਾਨਕ ਇੱਕ ਚਿੱਟੇ ਰੰਗ ਦੀ ਸਵਿਫਟ ਕਾਰ ਆ ਕੇ ਰੁਕੀ। 2 ਮੋਨੇ ਅਤੇ ਇੱਕ ਸਿੱਖ ਨੌਜਵਾਨ ਕਾਰ ਤੋਂ ਹੇਠਾਂ ਉਤਰੇ।
ਪੁਲਿਸ ਅਨੁਸਾਰ ਨੌਜਵਾਨਾਂ ਨੇ ਚਾਕੂ ਕੱਢ ਕੇ ਅੰਗਰੇਜ਼ ਸਿੰਘ ਦੀ ਗਰਦਨ ’ਤੇ ਰੱਖ ਦਿੱਤਾ ਅਤੇ ਮੋਬਾਈਲ ਮੰਗਣਾ ਸ਼ੁਰੂ ਕਰ ਦਿੱਤਾ। ਉਸ ਨੇ ਤੁਰੰਤ ਮੋਬਾਈਲ ਮੁਲਜ਼ਮ ਨੂੰ ਸੌਂਪ ਦਿੱਤਾ ਪਰ ਜਾਂਦੇ ਸਮੇਂ ਮੁਲਜ਼ਮ ਗੁਰਸੇਵਕ ਨੂੰ ਵੀ ਲੈ ਗਏ। ਅੰਗਰੇਜ਼ ਸਿੰਘ ਨੇ ਗੁਰਸੇਵਕ ਨੂੰ ਦਬੋਚ ਲਿਆ ਪਰ ਤਿੰਨੋਂ ਨੌਜਵਾਨਾਂ ਨੇ ਗੁਰਸੇਵਕ ਨੂੰ ਜ਼ਬਰਦਸਤੀ ਖੋਹ ਲਿਆ ਅਤੇ ਕਾਰ ਵਿੱਚ ਬੈਠ ਕੇ ਭੱਜ ਗਏ।
ਇਹ ਵੀ ਪੜ੍ਹੋ : 15 ਅਗਸਤ ਤੋਂ ਪਹਿਲਾਂ BSF ਨੂੰ ਮਿਲੀ ਵੱਡੀ ਸਫ਼ਲਤਾ, ਪਠਾਨਕੋਟ ਸਰਹੱਦ ‘ਤੇ ਢੇਰ ਕੀਤਾ ਘੁਸਪੈਠੀਆਂ
SHO ਚੋਹਲਾ ਸਾਹਿਬ ਨੇ ਦੱਸਿਆ ਕਿ ਬੱਚੇ ਦੇ ਅਗਵਾ ਹੋਣ ਦੀ ਸੂਚਨਾ ਮਿਲਦੇ ਹੀ ਪੁਲਿਸ ਚੌਕਸ ਹੈ। ਪੁਲਿਸ ਟੀਮਾਂ ਬਣਾ ਕੇ ਵੱਖ-ਵੱਖ ਜਗ੍ਹਾ ’ਤੇ ਭੇਜੀਆਂ ਗਈਆਂ ਹਨ। ਬੱਚੇ ਦੀ ਤਸਵੀਰ ਹਰ ਥਾਣੇ ਅਤੇ ਨਾਕਿਆਂ ‘ਤੇ ਲਗਾ ਦਿੱਤੀ ਗਈ ਹੈ। ਪੁਲਿਸ ਵਲੋਂ ਰਸਤੇ ਵਿੱਚ ਵੱਖ-ਵੱਖ ਜਗ੍ਹਾ ’ਤੇ ਲੱਗੇ ਸੀਸੀਟੀਵੀ ਕੈਮਰੇ ਵੀ ਚੈਕ ਕੀਤੇ ਜਾ ਰਹੇ ਹਨ ਤਾਂ ਜੋ ਅਗਵਾਕਾਰਾਂ ਦਾ ਕੋਈ ਸੁਰਾਗ਼ ਮਿਲ ਸਕੇ। ਉਨ੍ਹਾਂ ਕਿਹਾ ਕਿ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰਕੇ ਅਗਵਾਕਾਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: