ਆਸਟ੍ਰੇਲੀਆਈ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮੇਗ ਲੈਨਿੰਗ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। 31 ਸਾਲਾ ਮੇਗ ਲੈਨਿੰਗ ਨੇ ਅਚਾਨਕ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫੈਸਲਾ ਲੈ ਕੇ ਪੂਰੀ ਕ੍ਰਿਕਟ ਦੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ । ਦੱਸ ਦੇਈਏ ਕਿ ਆਸਟ੍ਰੇਲੀਆ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮੇਗ ਨੇ ਪਿਛਲੇ ਸਾਲ ਫਰਵਰੀ ਵਿੱਚ ਦੱਖਣੀ ਅਫਰੀਕਾ ਵਿੱਚ ਹੋਏ ਟੀ-20 ਵਿਸ਼ਵ ਕੱਪ ਟਰਾਫੀ ਜਿੱਤਣ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਖੇਡੀ ਹੈ। ਮੇਗ ਕਿਸੇ ਡਾਕਟਰੀ ਸਮੱਸਿਆ ਕਾਰਨ ਆਸਟ੍ਰੇਲੀਆਈ ਟੀਮ ਵੱਲੋਂ ਯੂਕੇ ਦਾ ਦੌਰਾ ਨਹੀਂ ਕਰ ਸਕੀ ਸੀ।

Australian captain Meg Lanning retires
ਹਾਲਾਂਕਿ, ਇਸ ਤੋਂ ਬਾਅਦ ਹਾਲ ਹੀ ਵਿੱਚ ਵੈਸਟਇੰਡੀਜ਼ ਦੇ ਖਿਲਾਫ਼ ਹੋਈ ਟੀ-20 ਤੇ ਵਨਡੇ ਸੀਰੀਜ਼ ਵਿੱਚ ਫਿੱਟ ਹੋਣ ਦੇ ਬਾਵਜੂਦ ਮੇਗ ਲੈਨਿੰਗ ਨਹੀਂ ਖੇਡੀ । ਮੇਗ ਲੈਨਿੰਗ ਇਸ ਸਮੇਂ ਮਹਿਲਾ ਬਿਗ ਬੈਸ਼ ਲੀਗ (WBBL) ਵਿੱਚ ਮੈਲਬੋਰਨ ਸਟਾਰਸ ਦੀ ਕਪਤਾਨੀ ਕਰ ਰਹੀ ਹੈ, ਅਤੇ ਘਰੇਲੂ ਕ੍ਰਿਕਟ ਖੇਡਣ ਲਈ ਤਿਆਰ ਨਜ਼ਰ ਆ ਰਹੀ ਹੈ। ਲੈਨਿੰਗ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰਨ ਤੋਂ ਬਾਅਦ ਕਿਹਾ ਕਿ ਅੰਤਰਰਾਸ਼ਟਰੀ ਕ੍ਰਿਕਟ ਤੋਂ ਦੂਰ ਹੋਣ ਦਾ ਫੈਸਲਾ ਲੈਣਾ ਮੁਸ਼ਕਲ ਸੀ, ਪਰ ਮੈਨੂੰ ਲੱਗਦਾ ਹੈ ਕਿ ਹੁਣ ਮੇਰੇ ਲਈ ਸਹੀ ਸਮਾਂ ਹੈ। ਮੈਂ ਆਪਣੇ 13 ਸਾਲ ਦੇ ਅੰਤਰਰਾਸ਼ਟਰੀ ਕਰੀਅਰ ਦਾ ਆਨੰਦ ਲੈਣ ਲਈ ਆਪਣੇ ਆਪ ਨੂੰ ਬਹੁਤ ਕਿਸਮਤ ਵਾਲੀ ਮੰਨਦੀ ਹਾਂ, ਪਰ ਮੈਨੂੰ ਪਤਾ ਹੈ ਕਿ ਹੁਣ ਮੇਰੇ ਲਈ ਕੁਝ ਨਵਾਂ ਕਰਨ ਦਾ ਬਿਲਕੁਲ ਸਹੀ ਸਮਾਂ ਹੈ।
ਮੇਗ ਨੇ ਅੱਗੇ ਕਿਹਾ ਕਿ ਤੁਸੀਂ ਟੀਮ ਦੀ ਸਫਲਤਾ ਲਈ ਖੇਡਦੇ ਹੋ। ਮੈਂ ਜੋ ਵੀ ਉਪਲਬਧੀਆਂ ਹਾਸਿਲ ਕਰ ਸਕੀ, ਉਸ ‘ਤੇ ਮੈਨੂੰ ਮਾਣ ਹੈ। ਮੈਂ ਇਸ ਦੌਰਾਨ ਟੀਮ ਦੇ ਸਾਥੀਆਂ ਦੇ ਨਾਲ ਸਾਂਝੇ ਕੀਤੇ ਗਏ ਪਲਾਂ ਨੂੰ ਸੰਭਾਲ ਕੇ ਰੱਖਾਂਗੀ। ਮਈ ਆਪਣੇ ਪਰਿਵਾਰ, ਆਪਣੇ ਸਾਥੀਆਂ, ਕ੍ਰਿਕਟ ਵਿਕਟੋਰੀਆ, ਕ੍ਰਿਕਟ ਆਸਟ੍ਰੇਲੀਆ ਤੇ ਆਸਟ੍ਰੇਲੀਆਈ ਕ੍ਰਿਕਟ ਐਸੋਸੀਏਸ਼ਨ ਨੂੰ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਦਿੰਦੀ ਹਾਂ, ਜਿਸ ਨਾਲ ਮੈਨੂੰ ਉੱਚੇ ਪੱਧਰ ‘ਤੇ ਆਪਣੀ ਪਸੰਦੀਦਾ ਖੇਡ ਖੇਡਣ ਦਾ ਮੌਕਾ ਮਿਲਿਆ। ਇਸ ਤੋਂ ਇਲਾਵਾ ਮੈਂ ਉਨ੍ਹਾਂ ਸਾਰੇ ਫੈਨਜ਼ ਨੂੰ ਬਹੁਤ-ਬਹੁਤ ਧੰਨਵਾਦ ਦੇਣਾ ਚਾਹੁੰਦੀ ਹਾਂ, ਜਿਨ੍ਹਾਂ ਨੇ ਮੈਨੂੰ ਪੂਰੇ ਅੰਤਰਰਾਸ਼ਟਰੀ ਕਰੀਅਰ ਦੌਰਾਨ ਸਪੋਰਟ ਕੀਤਾ।

Australian captain Meg Lanning retires
ਦੱਸ ਦੇਈਏ ਕਿ ਮੇਗ ਨੇ 2010 ਵਿੱਚ ਮਹਿਜ਼ 18 ਸਾਲ ਦੀ ਉਮਰ ਵਿੱਚ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਉਨ੍ਹਾਂ ਨੇ 6 ਟੈਸਟ, 103 ਵਨਡੇ ਤੇ 132 ਟੀ-20 ਮੈਚਾਂ ਨੂੰ ਮਿਲਾ ਕੇ ਕੁੱਲ 241 ਅੰਤਰਰਾਸ਼ਟਰੀ ਮੈਚ ਖੇਡੇ। ਉਨ੍ਹਾਂ ਨੇ ਸਾਲ 2014 ਵਿੱਚ ਸਿਰਫ਼ 21 ਸਾਲ ਦੀ ਉਮਰ ਵਿੱਚ ਆਸਟ੍ਰੇਲੀਆਈ ਟੀਮ ਦੀ ਕਪਤਾਨੀ ਸੌਂਪੀ ਗਈ ਸੀ। ਉਨ੍ਹਾਂ ਨੇ 182 ਮੈਚਾਂ ਆਸਟ੍ਰੇਲੀਆ ਮਹਿਲਾ ਕ੍ਰਿਕਟ ਟੀਮ ਦੀ ਕਪਤਾਨੀ ਕੀਤੀ ਤੇ ਇਸ ਦੌਰਾਨ ਕ੍ਰਿਕਟ ਇਤਿਹਾਸ ਦੀ ਸਭ ਤੋਂ ਸਫਲ ਕਪਤਾਨਾਂ ਵਿੱਚੋਂ ਇੱਕ ਬਣ ਕੇ ਉਭਰੀ। ਉਨ੍ਹਾਂ ਨੇ ਆਪਣੀ ਕਪਤਾਨੀ ਵਿੱਚ ਆਸਟ੍ਰੇਲੀਆ ਨੂੰ 4 ਟੀ-20 ਵਿਸ਼ਵ ਕੱਪ, 1 ਵਨਡੇ ਵਿਸ਼ਵ ਕੱਪ ਤੇ 1 ਕਾਮਨਵੈਲਥ ਗੇਮਜ਼ ਦਾ ਟਾਈਟਲ ਜਿਤਾਇਆ। ਉਨ੍ਹਾਂ ਨੇ ਆਪਣੇ ਟੈਸਟ ਕਰੀਅਰ ਵਿੱਚ 31.36 ਦੀ ਔਸਤ ਨਾਲ 345 ਦੌੜਾਂ, ਵਨਡੇ ਕਰੀਅਰ ਵਿੱਚ 53.51 ਦੀਆ ਔਸਤ ਨਾਲ 4602 ਦੌੜਾਂ ਤੇ ਟੀ-20 ਕਰੀਅਰ ਵਿੱਚ 36.61 ਦੀ ਔਸਤ ਨਾਲ 3,405 ਦੌੜਾਂ ਬਣਾਈਆਂ।
ਵੀਡੀਓ ਲਈ ਕਲਿੱਕ ਕਰੋ : –
























