ਖੰਨਾ ‘ਚ ਪੁਲਿਸ ਹਿਰਾਸਤ ‘ਚੋਂ ਇੱਕ ਮੁਲਜ਼ਮ ਔਰਤ ਫਰਾਰ ਹੋ ਗਈ। ਔਰਤ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਸੀ। ਜਦੋਂ ਪੁਲਿਸ ਟੀਮ ਐਮਰਜੈਂਸੀ ਵਾਰਡ ਵਿੱਚ ਸੀ ਤਾਂ ਇਸੇ ਦੌਰਾਨ ਦੋਸ਼ੀ ਔਰਤ ਮੇਨ ਗੇਟ ਤੋਂ ਬਾਹਰ ਭੱਜ ਗਈ ਅਤੇ ਦੁਬਾਰਾ ਨਹੀਂ ਮਿਲੀ। ਹਾਲਾਂਕਿ ਪੁਲਿਸ ਟੀਮਾਂ ਕਾਫੀ ਦੇਰ ਤੱਕ ਸ਼ਹਿਰ ‘ਚ ਔਰਤ ਦੀ ਭਾਲ ਕਰਦੀਆਂ ਰਹੀਆਂ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ।
ਜਾਣਕਾਰੀ ਅਨੁਸਾਰ ਥਾਣਾ ਸਦਰ ‘ਚ ਪੁਲਿਸ ਨੇ ਮੁਲਜ਼ਮ ਪ੍ਰੀਤੀ ਅਤੇ ਉਸ ਦੇ ਪਤੀ ਮਲਾਗਰ ਸਿੰਘ ਵਾਸੀ ਪਿੰਡ ਹੋਲ ਖਿਲਾਫ ਇਕ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਘਰੋਂ ਵਰਗਲਾ ਕੇ ਲੈ ਜਾਣ ਦੇ ਦੋਸ਼ ‘ਚ ਮਾਮਲਾ ਦਰਜ ਕੀਤਾ ਅਤੇ ਪੋਕਸੋ ਐਕਟ ਵੀ ਲਗਾਇਆ ਗਿਆ ਸੀ। ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਦੋਸ਼ੀ ਔਰਤ ਪ੍ਰੀਤੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਬੁੱਧਵਾਰ ਨੂੰ ਅਦਾਲਤ ‘ਚ ਪੇਸ਼ ਕਰਨ ਤੋਂ ਬਾਅਦ ਉਸ ਨੂੰ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਉਸ ਦੇ ਨਾਲ ਲੇਡੀ ਕਾਂਸਟੇਬਲ ਸੀ। ਪਰ ਡਾਕਟਰੀ ਪ੍ਰਕਿਰਿਆ ਦੌਰਾਨ ਪੁਲਿਸ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਦੋਸ਼ੀ ਔਰਤ ਉਨ੍ਹਾਂ ਨੂੰ ਚਕਮਾ ਦੇ ਕੇ ਖਿਸਕ ਗਈ। SHO ਹਰਦੀਪ ਸਿੰਘ ਨੇ ਦੱਸਿਆ ਕਿ ਔਰਤ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬੀ ਗਾਇਕ KS ਮੱਖਣ ਦੀਆਂ ਵਧੀਆਂ ਮੁਸ਼ਕਿਲਾਂ, ਗੀਤ ‘ਜ਼ਮੀਨ ਦਾ ਰੋਲਾ’ ‘ਚ ਹ.ਥਿਆ.ਰ ਪ੍ਰਮੋਟ ਕਰਨ ਦੇ ਲੱਗੇ ਇਲਜ਼ਾਮ
ਮੁਲਜ਼ਮ ਔਰਤ ਦੇ ਫਰਾਰ ਹੋਣ ਤੋਂ ਬਾਅਦ ਪੁਲਿਸ ਟੀਮਾਂ ਕਈ ਘੰਟਿਆਂ ਤੱਕ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਉਸ ਦੀ ਭਾਲ ਕਰਦੀਆਂ ਰਹੀਆਂ। ਦੁਕਾਨਾਂ ‘ਤੇ ਕੈਮਰਿਆਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਪਤਾ ਲੱਗਾ ਕਿ ਦੋਸ਼ੀ ਔਰਤ ਬੱਸ ਸਟੈਂਡ ਵੱਲ ਜਾ ਰਹੀ ਸੀ। ਇਸ ਤੋਂ ਬਾਅਦ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਔਰਤ ਬੱਸ ‘ਚ ਹੀ ਭੱਜ ਗਈ। ਪਰ ਔਰਤ ਕੋਲ ਨਾ ਤਾਂ ਆਧਾਰ ਕਾਰਡ ਸੀ ਅਤੇ ਨਾ ਹੀ ਕੋਈ ਪੈਸਾ। ਉਸ ਲਈ ਬਹੁਤਾ ਦੂਰ ਜਾਣਾ ਸੰਭਵ ਨਹੀਂ ਹੈ।
ਦੱਸਿਆ ਜਾ ਰਿਹਾ ਹੈ ਮੁਲਜ਼ਮ ਔਰਤ ਪ੍ਰੀਤੀ ਯੂਪੀ ਦੀ ਰਹਿਣ ਵਾਲੀ ਦੱਸੀ ਜਾਂਦੀ ਹੈ। ਉਸ ਨੇ ਕੁਝ ਸਮਾਂ ਪਹਿਲਾਂ ਖੰਨਾ ‘ਚ ਲਵ ਮੈਰਿਜ ਕਰਵਾਈ ਸੀ। ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਦੋਸ਼ੀ ਔਰਤ ਯੂਪੀ ਭੱਜ ਸਕਦੀ ਹੈ। ਇਸ ਸਬੰਧੀ ਪੁਲਿਸ ਨੇ ਘਟਨਾ ਤੋਂ ਬਾਅਦ ਸ਼ੰਭੂ ਬਾਰਡਰ ‘ਤੇ ਅਲਰਟ ਕਰ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ : –