ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਵਿਭਾਗ ਨੇ ਖੰਨਾ ਦੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ (BDPO) ਕੁਲਵਿੰਦਰ ਸਿੰਘ ਰੰਧਾਵਾ ਨੂੰ ਸਰਕਾਰੀ ਫ਼ੰਡਾਂ ਦੇ ਗ਼ਬਨ ਦੇ ਦੋਸ਼ ਹੇਠ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਹੈ।
ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ BDPO ਖੰਨਾ ਕੁਲਵਿੰਦਰ ਸਿੰਘ ਰੰਧਾਵਾ ਵਿਰੁੱਧ ਸ਼ਿਕਾਇਤਾਂ ਦੇ ਆਧਾਰ ‘ਤੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ (DDPO), ਲੁਧਿਆਣਾ ਨੂੰ ਜਾਂਚ ਸੌਂਪੀ ਗਈ ਸੀ। ਉਨ੍ਹਾਂ ਦੱਸਿਆ ਕਿ DDPO ਲੁਧਿਆਣਾ ਵੱਲੋਂ ਪ੍ਰਾਪਤ ਹੋਈ ਰਿਪੋਰਟ ਵਿੱਚ ਦੱਸਿਆ ਗਿਆ ਕਿ ਕੁਲਵਿੰਦਰ ਸਿੰਘ ਰੰਧਾਵਾ ਨੇ ਪੰਚਾਇਤ ਸੰਮਤੀ ਖੰਨਾ ਦੇ ਫ਼ੰਡਾਂ ਦੀ ਦੁਰਵਰਤੋਂ ਕੀਤੀ ਅਤੇ ਅਣਅਧਿਕਾਰਤ ਖਾਤੇ ਖੁਲ੍ਹਵਾ ਕੇ ਬਿਨਾਂ ਮਨਜ਼ੂਰੀ ਤੋਂ 58.25 ਲੱਖ ਰੁਪਏ ਦੀਆਂ ਗ਼ਲਤ ਢੰਗ ਨਾਲ ਅਦਾਇਗੀਆਂ ਕੀਤੀਆਂ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਸੋਨੂੰ ਸੂਦ ਦੀ ਟੀਮ ਦਾ ਮੈਚ ਅੱਜ, ਪੰਜਾਬ ਦੇ ਸ਼ੇਰ ਦਾ ਐਜੂਕੇਟਰਜ਼ ਇਲੈਵਨ ਨਾਲ ਹੋਵੇਗਾ ਮੁਕਾਬਲਾ
ਕੈਬਨਿਟ ਮੰਤਰੀ ਨੇ ਕਿਹਾ ਕਿ ਇਨ੍ਹਾਂ ਦੋਸ਼ਾਂ ਦੇ ਆਧਾਰ ‘ਤੇ ਕੁਲਵਿੰਦਰ ਸਿੰਘ ਰੰਧਾਵਾ BDPO ਖੰਨਾ ਨੂੰ ਸਰਕਾਰੀ ਸੇਵਾ ਤੋਂ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲੀ ਦੇ ਸਮੇਂ ਦੌਰਾਨ ਅਧਿਕਾਰੀ ਦਾ ਹੈੱਡਕੁਆਰਟਰ ਦਫ਼ਤਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, SAS ਨਗਰ ਹੋਵੇਗਾ। ਹੁਕਮਾਂ ਮੁਤਾਬਕ ਮਅੱਤਲ ਅਧਿਕਾਰੀ ਨੂੰ ਪੰਜਾਬ ਸਿਵਲ ਸੇਵਾਵਾਂ ਰੂਲਜ਼ ਦੇ ਨਿਯਮ 7.2 ਅਧੀਨ ਨਿਯਮਾਂ ਤੇ ਸ਼ਰਤਾਂ ਅਨੁਸਾਰ ਗੁਜ਼ਾਰਾ ਭੱਤਾ ਦਿੱਤਾ ਜਾਵੇਗਾ।
ਲੋਕਾਂ ਨੂੰ ਸਾਫ਼-ਸੁਥਰਾ ਅਤੇ ਭ੍ਰਿਸ਼ਟਾਚਾਰ-ਮੁਕਤ ਪ੍ਰਸ਼ਾਸਨ ਦੇਣ ਦੀ ਵਚਨਬੱਧਤਾ ਦੁਹਰਾਉਂਦਿਆਂ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਡਿਊਟੀ ਵਿੱਚ ਕੁਤਾਹੀ, ਅਨੁਸ਼ਾਸਨਹੀਣਤਾ ਅਤੇ ਭ੍ਰਿਸ਼ਟਾਚਾਰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲੇ ਸਾਹਮਣੇ ਆਉਣ ‘ਤੇ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ : –