ਫਿਰੋਜ਼ਪੁਰ ਵਿੱਚ ਇੱਕ ਵਿਆਹ ਵਾਲੇ ਘਰ ਵਿੱਚ ਉਸ ਸਮੇਂ ਮਾਤਮ ਛਾ ਗਿਆ ਜਦੋਂ ਲਾੜੀ ਦੇ ਭਰਾ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਸ਼ਨੀਵਾਰ ਦੇਰ ਰਾਤ ਧੁੰਦ ਕਾਰਨ ਪਿੰਡ ਨਵਾਂ ਪੁਰਬਾ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ ਜਿਸ ’ਚ ਇਕ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ਵਿਚ ਇਕ ਨੌਜਵਾਨ ਨੂੰ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਜੱਗੂ ਦੀ ਭੈਣ ਦਾ ਐਤਵਾਰ ਨੂੰ ਵਿਆਹ ਸੀ।
ਮ੍ਰਿਤਕ ਜਗਦੀਪ ਸਿੰਘ ਦੇ ਦਾਦਾ ਨੇ ਦੱਸਿਆ ਕਿ ਉਨ੍ਹਾਂ ਦੀ ਪੋਤੀ ਦਾ ਵਿਆਹ ਐਤਵਾਰ ਨੂੰ ਫ਼ਿਰੋਜ਼ਪੁਰ ਦੇ ਇੱਕ ਨਿੱਜੀ ਪੈਲੇਸ ਵਿੱਚ ਸੀ। ਉਸ ਦਾ ਪੋਤਰਾ ਅਤੇ ਉਸ ਦੇ ਦੋਸਤ ਸ਼ਨੀਵਾਰ ਰਾਤ 11 ਵਜੇ ਪੈਲੇਸ ’ਚ ਵਿਆਹ ਦਾ ਸਾਮਾਨ ਛੱਡ ਕੇ ਘਰ ਪਰਤ ਰਹੇ ਸਨ, ਜਦੋਂ ਉਹ ਚੁੰਗੀ ਨੰਬਰ 8 ਤੋਂ ਥੋੜ੍ਹੀ ਦੂਰੀ ’ਤੇ ਪਹੁੰਚੇ ਤਾਂ ਫਰੀਦਕੋਟ ਵੱਲੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਤਿੰਨੋਂ ਹੇਠਾਂ ਡਿੱਗ ਗਏ ਜਿਸ ’ਚ ਜਗਦੀਪ ਸਿੰਘ ਉਰਫ ਜੱਗੂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਉਸ ਦੇ ਦੋ ਦੋਸਤ ਗੰਭੀਰ ਜ਼ਖ਼ਮੀ ਹੋ ਗਏ।
ਜ਼ਖਮੀਆਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਉਥੋਂ ਰਾਹੁਲ ਨੂੰ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ, ਜਦਕਿ ਗੁਰਪ੍ਰੀਤ ਉਰਫ ਗੋਰਾ ਨਿੱਜੀ ਹਸਪਤਾਲ ਫ਼ਿਰੋਜ਼ਪੁਰ ਵਿੱਚ ਜ਼ੇਰੇ ਇਲਾਜ ਹੈ। ਰਾਤ ਨੂੰ ਕਾਫੀ ਧੁੰਦ ਸੀ, ਜਿਸ ਕਾਰਨ ਵਿਜ਼ੀਬਿਲਟੀ ਠੀਕ ਨਹੀਂ ਸੀ, ਜਿਸ ਕਾਰਨ ਕਾਰ ਇੰਨੀ ਤੇਜ਼ੀ ਨਾਲ ਚਲਾਉਣ ਕਾਰਨ ਇਹ ਹਾਦਸਾ ਵਾਪਰਿਆ। ਉਸ ਨੇ ਕਿਹਾ ਕਿ ਅੱਜ ਉਸ ਨੇ ਆਪਣੀ ਪੋਤੀ ਦਾ ਵਿਆਹ ਦਿਲ ’ਤੇ ਪੱਥਰ ਰੱਖ ਕੇ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਪੰਜਾਬ-ਹਰਿਆਣਾ ‘ਚ ਮੀਂਹ ਦਾ ਅਲਰਟ, ਛਾਈ ਰਹੇਗੀ ਧੁੰਦ, ਸੀਤ ਲਹਿਰ ਕਾਰਨ ਤਾਪਮਾਨ ‘ਚ ਗਿਰਾਵਟ
ਇਸ ਸਬੰਧੀ ਥਾਣਾ ਕੁੱਲਗੜ੍ਹੀ ਦੀ ਇੰਚਾਰਜ ਦੀਪਿਕਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਫਰੀਦਕੋਟ ਰੋਡ ’ਤੇ ਹਾਦਸਾ ਵਾਪਰ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਰਾਤ ਕਰੀਬ 11 ਵਜੇ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ’ਚ 16 ਸਾਲਾ ਨੌਜਵਾਨ ਜਗਦੀਪ ਸਿੰਘ ਵਾਸੀ ਖਾਨਪੁਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੋ ਨੌਜਵਾਨਾਂ ਗੁਰਪ੍ਰੀਤ ਸਿੰਘ ਵਾਸੀ ਗੋਰਾ ਵਾਸੀ ਖਾਨਪੁਰ ਅਤੇ ਰਾਹੁਲ ਵਾਸੀ ਝੋਕ ਟਹਿਲ ਸਿੰਘ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਹਨ। ਉਨ੍ਹਾਂ ਕਿਹਾ ਕਿ ਅੱਜ ਮ੍ਰਿਤਕ ਦੀ ਭੈਣ ਦਾ ਵਿਆਹ ਸੀ ਜਿਸ ਕਾਰਨ ਪੁਲਿਸ ਕਾਰਵਾਈ ਨਹੀਂ ਕਰ ਸਕੀ। ਕੱਲ੍ਹ ਮ੍ਰਿਤਕ ਦੇ ਵਾਰਸਾਂ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”