ਕਪੂਰਥਲਾ ਦੀ ਵਿਸ਼ਵ ਪ੍ਰਸਿੱਧ ਮੂਰੀਸ਼ ਮਸਜਿਦ ਵਿੱਚ ਇੱਕ ਫਿਲਮ ਦੀ ਸ਼ੂਟਿੰਗ ਵਿਵਾਦਾਂ ਵਿੱਚ ਘਿਰ ਗਈ ਹੈ। ਮੁਸਲਿਮ ਸੰਗਠਨਾਂ ਦੇ ਵਿਰੋਧ ਤੋਂ ਬਾਅਦ ਪੁਲਸ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਮਸਜਿਦ ਦੇ ਅੰਦਰ ਫਿਲਮ ਲਈ ਬਣਾਏ ਸੈੱਟ ਨੂੰ ਹਟਾ ਕੇ ਸ਼ੂਟਿੰਗ ਬੰਦ ਕਰਵਾ ਦਿੱਤੀ। ਫਿਲਮ ਨਿਰਮਾਤਾ ਕੁਲਦੀਪ ਸਿੰਘ ਦੇ ਪ੍ਰੋਡਕਸ਼ਨ ਹਾਊਸ ਦੀ ਇਸ ਫਿਲਮ ਦਾ ਨਾਂ ‘ਉਲ ਜਲੂਲ’ ਹੈ।
ਸ਼ੂਟਿੰਗ ਕਰ ਰਹੀ ਫਿਲਮ ਯੂਨਿਟ ਨੇ ਕਪੂਰਥਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ-ਨਾਲ ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ ਅਤੇ ਪੁਰਾਤੱਤਵ ਅਤੇ ਅਜਾਇਬ ਘਰ ਵਿਭਾਗ ਤੋਂ ਸ਼ੂਟਿੰਗ ਸਬੰਧੀ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਲਈਆਂ ਸਨ।
ਇਸ ਦੇ ਬਾਵਜੂਦ ਮੁਸਲਿਮ ਸੰਗਠਨ ਇਸ ਗੱਲ ‘ਤੇ ਅੜੇ ਹੋਏ ਸਨ ਕਿ ਮੂਰਿਸ਼ ਮਸਜਿਦ ਦੇ ਅੰਦਰ ਕਿਸੇ ਵੀ ਫਿਲਮ ਦੀ ਸ਼ੂਟਿੰਗ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਮੁਸਲਿਮ ਭਾਈਚਾਰੇ ਦੀ ਸਹਿਮਤੀ ਵੀ ਲਈ ਜਾਵੇ। ਕਪੂਰਥਲਾ ਦੀ ਇਹ ਮੂਰਿਸ਼ ਮਸਜਿਦ ਦੁਨੀਆ ਵਿੱਚ ਮੋਰੋਕੋ ਦੀ ਇਤਿਹਾਸਕ ਮਾਰਾਕੇਸ਼ ਮਸਜਿਦ ਦੀ ਇੱਕੋ ਇੱਕ ਪ੍ਰਤੀਰੂਪ ਹੈ।