ਚੰਡੀਗੜ੍ਹ ਵਿਚ ਮੇਅਰ ਚੋਣਾਂ ਵਿਚ ਗੜਬੜੀ ਦੇ ਦੋਸ਼ ਲਗਾ ਕੇ ਆਮ ਆਦਮੀ ਪਾਰਟੀ ਅੱਜ ਦਿੱਲੀ ਵਿਚ ਪ੍ਰਦਰਸ਼ਨ ਕਰ ਰਹੀ ਹੈ। ਇਸ ਮੌਕੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਚੰਡੀਗੜ੍ਹ ਵਿਚ ਵੋਟਾਂ ਦੀ ਚੋਰੀ ਕਰਦੇ ਰੰਗੇ ਹੱਥੀਂ ਫੜੀ ਗਈ।ਇਸ ਦੌਰਾਨ ਕੇਜਰੀਵਾਲ ਨੇ ਭੀੜ ਤੋਂ ‘ਗਲੀ-ਗਲੀ ਮੇਂ ਸ਼ੋਰ ਹੈ, ਭਾਜਪਾ ਵੋਟ ਚੋਰ ਹੈ’ ਦਾ ਨਾਅਰਾ ਲਗਵਾਇਆ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਮੇਅਰ ਚੋਣਾਂ ਵਿਚ ਭਾਜਪਾ ਦੇ ਵਰਕਰ ਨੂੰ ਚੋਣ ਅਧਿਕਾਰੀ ਬਣਾ ਦਿੱਤਾ ਗਿਆ।
ਕੇਜਰੀਵਾਲ ਨੇ ਕਿਹਾ ਕਿ ਅਜੇ ਤੱਕ ਸੁਣਿਆ ਸੀ ਕਿ ਭਾਜਪਾ ਮਸ਼ੀਨ ਵਿਚ ਗੜਬੜੀ ਕਰਦੀ ਹੈ। ਵੋਟਾਂ ਦੀ ਚੋਰੀ ਕਰਦੀ ਹੈ ਪਰ ਅਜੇ ਤੱਕ ਇਸ ਦਾ ਕੋਈ ਸਬੂਤ ਨਹੀਂ ਮਿਲਿਆ ਸੀ। ਭਾਜਪਾ ਵਾਲਿਆਂ ਦੀ ਕਿਸਮਤ ਖਰਾਬ ਸੀ ਕਿ ਚੰਡੀਗੜ੍ਹ ਵਿਚ ਰੰਗੇ ਹੱਥੀਂ ਫੜੇ ਗਏ।ਉਨ੍ਹਾਂ ਦਾ ਵੀਡੀਓ ਬਣ ਗਿਆ ਤੇ ਇਹ ਵੀਡੀਓ ਸਾਰੀ ਜਗ੍ਹਾ ਵਾਇਰਲ ਹੋ ਗਿਆ। ਹੁਣ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਦੱਸਣ ਵਾਲੀ ਭਾਜਪਾ ਦਾ ਖੁਲਾਸਾ ਹੋ ਚੁੱਕਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਮੇਅਰ ਚੋਣਾਂ ਵਿਵਾਦ ‘ਤੇ ‘ਆਪ’ ਦਾ ਦਿੱਲੀ ‘ਚ ਪ੍ਰਦਰਸ਼ਨ, CM ਮਾਨ ਨੇ BJP ‘ਤੇ ਸਾਧਿਆ ਨਿਸ਼ਾਨਾ
ਕੇਜਰੀਵਾਲ ਨੇ ਦਾਅਵਾ ਕੀਤਾ ਕਿ ਭਾਜਪਾ ਨੂੰ 16 ਨਹੀਂ ਸਗੋਂ 13 ਵੋਟਾਂ ਪਈਆਂ ਸਨ ਪਰ ਚੋਣ ਅਧਿਕਾਰੀ ਨੇ ਖੁਦ ਹੀ ਵੋਟਾਂ ਦੀ ਗਿਣਤੀ ਕੀਤੀ। ਹੁਣ ਕਿਸੇ ਨੂੰ ਪਤਾ ਹੀ ਨਹੀਂ ਕਿ ਕਿਸ ਨੂੰ ਕਿੰਨੇ ਵੋਟ ਮਿਲੇ ਹਨ ਤੇ ਪ੍ਰੀਜਾਈਡਿੰਗ ਅਧਿਕਾਰੀ ਨੇ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਚ ਮੇਅਰ ਸਾਡਾ ਬਣੇ ਜਾਂ ਭਾਜਪਾ ਦਾ ਬਣੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਸਗੋਂ ਪਰ ਦੇਸ਼ ਦੇ ਲੋਕਾਂ ਨਾਲ ਜਾਂ ਲੋਕਤੰਤਰ ਨਾਲ ਖਿਲਵਾੜ ਨਹੀਂ ਹੋਣਾ ਚਾਹੀਦਾ। ਜੇ ਭਾਜਪਾ ਵਾਲੇ ਚੰਡੀਗੜ੍ਹ ਮੇਅਰ ਚੋਣਾਂ ਵਿਚ ਗੜਬੜੀ ਕਰ ਸਕਦੇ ਹਨ ਤਾਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵਿਚ ਕਿੰਨੀ ਗੜਬੜੀ ਕਰਦੇ ਹੋਣਗੇ?
ਵੀਡੀਓ ਲਈ ਕਲਿੱਕ ਕਰੋ –