ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੀ ਸੰਸਦ ਮੈਂਬਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਦੱਸ ਦੇਈਏ ਕਿ ਲੰਬੇ ਸਮੇਂ ਤੋਂ ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਦੇ ਕਿਆਸ ਲਗਾਏ ਜਾ ਰਹੇ ਸਨ।
ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਆਪਣੇ ਪੁੱਤਰ ਰਣਇੰਦਰ ਸਿੰਘ ਅਤੇ ਧੀ ਜੈ ਇੰਦਰ ਕੌਰ ਦੇ ਨਾਲ ਸਤੰਬਰ 2022 ਵਿੱਚ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ। ਦੱਸ ਦੇਈਏ ਕਿ ਪ੍ਰਨੀਤ ਕੌਰ ਪਿਛਲੇ 25 ਸਾਲਾਂ ਤੋਂ ਪਟਿਆਲਾ ਲੋਕ ਸਭਾ ਸੀਟ ਤੋਂ ਚੋਣਾਂ ਲੜਦੀ ਆ ਰਹੀ ਹੈ। ਹੁਣ ਭਾਜਪਾ ਵੀ ਪ੍ਰਨੀਤ ਕੌਰ ਨੂੰ ਇਸੇ ਸੀਟ ਤੋਂ ਚੋਣ ਮੈਦਾਨ ਵਿੱਚ ਉਤਾਰ ਸਕਦੀ ਹੈ।
ਇਹ ਵੀ ਪੜ੍ਹੋ: ਅੱਜ ਭਾਜਪਾ ਵਿਚ ਸ਼ਾਮਲ ਹੋਣਗੇ MP ਪ੍ਰਨੀਤ ਕੌਰ, ਪਟਿਆਲਾ ਤੋਂ ਲੜ ਸਕਦੇ ਹਨ ਲੋਕ ਸਭਾ ਚੋਣ
ਭਾਜਪਾ ਦਾ ਪੱਲਾ ਫੜ੍ਹਨ ਮਗਰੋਂ ਪ੍ਰਨੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਹ ਫ਼ੈਸਲਾ ਲਿਆ ਹੈ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ 10 ਸਾਲਾਂ ਵਿੱਚ ਦੇਸ਼ ਦਾ ਬਹੁਤ ਵਿਕਾਸ ਕੀਤਾ ਹੈ। ਮੈਨੂੰ ਯਕੀਨ ਹੈ ਕਿ ਉਨ੍ਹਾਂ ਦੀ ਅਗਵਾਈ ਵਿੱਚ ਹੀ ਅਸੀਂ ਆਪਣੇ ਬੱਚਿਆਂ ਤੇ ਦੇਸ਼ ਨੂੰ ਸੁਰੱਖਿਅਤ ਰੱਖ ਸਕਦੇ ਹਾਂ ਤੇ ਉਨ੍ਹਾਂ ਨੂੰ ਅੱਗੇ ਲਿਜਾ ਸਕਦੇ ਹਾਂ । ਇਸ ਲਈ ਮੈਂ ਵੀ ਹੁਣ ਇਸ ਪਾਰਟੀ ਦਾ ਹਿੱਸਾ ਬਣ ਕੇ ਕੰਮ ਕਰਨਾ ਚਾਹੁੰਦੀ ਹਾਂ।
ਵੀਡੀਓ ਲਈ ਕਲਿੱਕ ਕਰੋ -: