ਮਯੰਕ ਯਾਦਵ ਨੇ ਰਾਇਲ ਚੈਲੰਜਰਸ ਬੈਂਗਲੌਰ ਖਿਲਾਫ਼ ਘਾਤਕ ਗੇਂਦਬਾਜ਼ੀ ਕਰਦੇ ਹੋਏ ਆਪਣਾ ਹੀ ਰਿਕਾਰਡ ਤੋੜ ਦਿੱਤਾ । ਮਯੰਕ ਨੇ ਇਸ ਸੀਜ਼ਨ ਦੀ ਸਭ ਤੋਂ ਤੇਜ਼ ਗੇਂਦ ਸੁੱਟੀ । ਉਨ੍ਹਾਂ ਨੇ ਲਖਨਊ ਸੁਪਰ ਜਾਇੰਟਸ ਵੱਲੋਂ ਗੇਂਦਬਾਜ਼ੀ ਕਰਦੇ ਹੋਏ ਲਗਭਗ 157 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦ ਸੁੱਟੀ । ਮਯੰਕ ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਲਖਨਊ ਨੇ 28 ਦੌੜਾਂ ਨਾਲ ਜਿੱਤ ਦਰਜ ਕੀਤੀ । ਇਸ ਮੈਚ ਵਿੱਚ RCB ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਲਖਨਊ ਦੇ ਗੇਂਦਬਾਜ਼ ਮਯੰਕ ਆਈਪੀਐਲ ਇਤਿਹਾਸ ਵਿੱਚ ਸਭ ਤੋਂ ਤੇਜ਼ ਗੇਂਦਬਾਜ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ IPL ਦੀ ਚੌਥੀ ਸਭ ਤੋਂ ਤੇਜ਼ ਗੇਂਦ ਸੁੱਟੀ। ਆਈਪੀਐਲ ਵਿੱਚ ਸਭ ਤੋਂ ਤੇਜ਼ ਗੇਂਦ ਸੁੱਟਣ ਦਾ ਰਿਕਾਰਡ ਸ਼ਾਨ ਟੈਟ ਦੇ ਨਾਮ ਹੈ । ਟੇਟ ਨੇ 2011 ਵਿੱਚ 157.7 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦ ਸੁੱਟੀ ਸੀ । ਉਥੇ ਹੀ ਦੂਜੇ ਪਾਸੇ ਲੋਕੀ ਫਰਗੂਸਨ ਦੂਜੇ ਨੰਬਰ ‘ਤੇ ਹਨ। ਉਨ੍ਹਾਂ ਨੇ 157.3 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦ ਸੁੱਟੀ ਸੀ । ਉਮਰਾਨ ਮਲਿਕ ਤੀਜੇ ਨੰਬਰ ‘ਤੇ ਹਨ । ਉਨ੍ਹਾਂ ਨੇ 2022 ਵਿੱਚ 157 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦ ਸੁੱਟੀ ਸੀ।
ਮਯੰਕ ਯਾਦਵ ਨੇ RCB ਖਿਲਾਫ ਆਪਣਾ ਹੀ ਰਿਕਾਰਡ ਤੋੜ ਦਿੱਤਾ । ਮਯੰਕ ਨੇ ਇਸ ਮੁਕਾਬਲੇ ਵਿੱਚ 156.7 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗੇਂਦ ਸੁੱਟੀ । ਉਨ੍ਹਾਂ ਨੇ ਇਸ ਮੈਚ ਵਿੱਚ 4 ਓਵਰ ਸੁੱਟੇ । ਇਸ ਦੌਰਾਨ ਉਸ ਨੇ ਸਿਰਫ 14 ਦੌੜਾਂ ਦੇ ਕੇ 3 ਵਿਕਟਾਂ ਲਈਆਂ । ਮਯੰਕ ਨੂੰ ‘ਪਲੇਅਰ ਆਫ ਦ ਮੈਚ’ ਵੀ ਚੁਣਿਆ ਗਿਆ।
ਦੱਸ ਦੇਈਏ ਕਿ ਮਯੰਕ ਲਖਨਊ ਦੇ ਨਾਲ ਸਾਲ 2022 ਵਿੱਚ ਜੁੜਿਆ ਸੀ। ਉਸ ਦਾ ਘਰੇਲੂ ਕ੍ਰਿਕਟ ਵਿੱਚ ਰਿਕਾਰਡ ਵਧੀਆ ਰਿਹਾ ਹੈ। ਲਖਨਊ ਦੇ ਸਹਾਇਕ ਕੋਚ ਵਿਜੇ ਦਹੀਆ ਨੇ ਮਯੰਕ ਨੂੰ ਘਰੇਲੂ ਮੈਚ ਵਿੱਚ ਖੇਡਦੇ ਦੇਖਿਆ ਸੀ । ਇਸ ਤੋਂ ਬਾਅਦ ਉਨ੍ਹਾਂ ਨੇ ਨਿਲਾਮੀ ਦੌਰਾਨ ਮਯੰਕ ਨੂੰ ਖਰੀਦਣ ਦਾ ਸੁਝਾਅ ਰੱਖਿਆ । ਮਯੰਕ ਨੂੰ ਲਖਨਊ ਨੇ ਖਰੀਦਿ ਵੀ ਲਿਆ ਪਰ ਉਹ ਸੱਟ ਕਾਰਨ ਨਹੀਂ ਖੇਡ ਸਕਿਆ। ਹੁਣ ਉਸਨੇ ਆਈਪੀਐਲ 2024 ਰਾਹੀਂ ਆਪਣਾ ਡੈਬਿਊ ਕੀਤਾ ਹੈ । ਮਯੰਕ ਦੀ ਗੇਂਦਬਾਜ਼ੀ ਕਾਫੀ ਚਰਚਾ ਵਿੱਚ ਹੈ। ਬ੍ਰੇਟ ਲੀ ਅਤੇ ਸਟੂਅਰਟ ਬ੍ਰਾਡ ਸਮੇਤ ਕਈ ਦਿੱਗਜਾਂ ਨੇ ਉਸ ਦੀ ਤਾਰੀਫ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: