ਬੀਤੇ ਦਿਨੀਂ ਕਾਂਗਰਸ ਦੇ ਸੀਨੀਅਰ ਆਗੂ ਦਲਵੀਰ ਸਿੰਘ ਗੋਲਡੀ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ‘ਤੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਬੀਬੀ ਭੱਠਲ ਨੇ ਕਿਹਾ ਕਿ ਦਲਵੀਰ ਸਿੰਘ ਗੋਲਡੀ ਬਹੁਤ ਸਾਧਾਰਨ ਸਟੂਡੈਂਟ ਸੀ ਪਰ ਪਾਰਟੀ ਵੱਲੋਂ ਉਸ ਨੂੰ ਕਈ ਵਾਰ ਮਾਣ-ਸਤਿਕਾਰ ਦਿੱਤਾ ਗਿਆ।
ਬੀਬੀ ਭੱਠਲ ਨੇ ਕਿਹਾ ਕਿ ਟਿਕਟ ਮੰਗਣਾ ਹਰ ਇਕ ਦਾ ਹੱਕ ਹੈ ਪਰ ਟਿਕਟ ਦੇਣਾ ਜਾਂ ਨਾ ਦੇਣਾ ਹਾਈਕਮਾਨ ਦੇ ਹੱਥ ਹੁੰਦਾ ਹੈ ਤੇ ਟਿਕਟ ਨਾ ਮਿਲਣ ‘ਤੇ ਪਾਰਟੀ ਤੋਂ ਰੁੱਸ ਜਾਣਾ ਗਲਤ ਹੈ। ਉਨ੍ਹਾਂ ਕਿਹਾ ਕਿ ਦਲਵੀਰ ਸਿੰਘ ਗੋਲਡੀ ਟਿਕਟ ਨਾ ਮਿਲਣ ‘ਤੇ ਨਾਰਾਜ਼ ਸੀ ਤੇ ਜਦੋਂ ਸੁਖਪਾਲ ਖਹਿਰਾ ਹੋਰ ਆਗੂਆਂ ਸਣੇ ਗੋਲਡੀ ਨਾਲ ਗੱਲਬਾਤ ਕਰਨ ਗਏ ਸਨ ਤਾਂ ਗੋਲਡੀ ਤੇ ਉਨ੍ਹਾਂ ਦੀ ਪਤਨੀ ਨੇ ਪਬਲਿਕ ਵਿਚ ਕਿਹਾ ਸੀ ਕਿ ਮੈਂ ਪਾਰਟੀ ਦੀ ਮਦਦ ਕਰਾਗਾਂ ਤੇ ਜੋ ਪਬਲਿਕ ਵਿਚ ਕਹਿ ਕੇ ਬਦਲਦਾ ਹੈ ਤਾਂ ਲੋਕ ਉਸ ‘ਤੇ ਵਿਸ਼ਵਾਸ ਨਹੀਂ ਕਰਦੇ।
ਇਹ ਵੀ ਪੜ੍ਹੋ : ਇਲਾਜ ਲਈ ਹਸਪਤਾਲ ਲਿਆਂਦੇ ਕੈਦੀ ਦਾ ਕਾਰਨਾਮਾ, ਬੈੱਡ ‘ਤੇ ਹੱਥਕੜੀ ਛੱਡ ਕੇ ਹੋਇਆ ਫਰਾਰ
ਨਾਲ ਹੀ ਬੀਬੀ ਭੱਠਲ ਨੇ ਕਿਹਾ ਕਿ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਜਿਸ ਪਾਰਟੀ ਵਿਚ ਉਹ ਗਏ ਹਨ ਉਥੋਂ ਉਨ੍ਹਾਂ ਨੂੰ ਟਿਕਟ ਮਿਲ ਜਾਵੇਗੀ? ਉਨ੍ਹਾਂ ਕਿਹਾ ਕਿ ਕਾਂਗਰਸ ਇਕਜੁੱਟ ਹੈ। ਸਾਨੂੰ ਉਹ ਸ਼ਖਸ ਚਾਹੀਦਾ ਹੈ ਜੋ ਦਿੱਲੀ ਵਿਚ ਜਾ ਕੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇ ਤੇ ਇਹ ਸਾਰਿਆਂ ਨੂੰ ਪਤਾ ਹੈ ਕਿ ਸੁਖਪਾਲ ਖਹਿਰਾ ਲੋਕ ਮੁੱਦਿਆਂ ‘ਤੇ ਜਾਨ ਦੀ ਬਾਜ਼ੀ ਲਾ ਕੇ ਲੜਿਆ ਹੈ।