ਛੱਤੀਸਗੜ੍ਹ ਦੇ ਬੇਮੇਤਰਾ ਜ਼ਿਲ੍ਹੇ ਵਿੱਚ ਸਥਿਤ ਬਾਰੂਦ ਦੀ ਫੈਕਟਰੀ ਵਿੱਚ ਸ਼ਨੀਵਾਰ ਸਵੇਰੇ ਵੱਡਾ ਧਮਾਕਾ ਹੋਇਆ ਹੈ, ਜਿਸ ‘ਚ ਇੱਕ ਵਿਅਕਤੀ ਦੇ ਮੌਤ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਕਈ ਲੋਕ ਮਲਬੇ ਹੇਠਾਂ ਦੱਬੇ ਹੋ ਸਕਦੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਫਿਲਹਾਲ ਫੈਕਟਰੀ ‘ਚੋਂ ਜ਼ਖਮੀਆਂ ਨੂੰ ਬਾਹਰ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ। ਕੁਝ ਜ਼ਖਮੀਆਂ ਨੂੰ ਬਿਹਤਰ ਇਲਾਜ ਲਈ ਰਾਏਪੁਰ ਲਿਆਂਦਾ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸਵੇਰੇ 6 ਤੋਂ 7 ਵਜੇ ਦੇ ਦਰਮਿਆਨ ਵਾਪਰਿਆ। ਇਹ ਘਟਨਾ ਬਰਲਾ ਬਲਾਕ ਦੇ ਪਿੰਡ ਬੋਰਸੀ ਵਿੱਚ ਸਥਿਤ ਸਪੈਸ਼ਲ ਬਲਾਸਟ ਲਿਮਟਿਡ ਬਾਰੂਦ ਫੈਕਟਰੀ ਵਿੱਚ ਵਾਪਰੀ। ਫੈਕਟਰੀ ਵਿੱਚ 800 ਤੋਂ ਵੱਧ ਲੋਕ ਕੰਮ ਕਰਦੇ ਹਨ। ਰਾਏਪੁਰ ਰੈਫਰ ਕੀਤੇ ਜ਼ਖਮੀ ਮਜ਼ਦੂਰਾਂ ‘ਚੋਂ ਇਕ ਨੇ ਦੱਸਿਆ ਕਿ ਜਿਸ ਇਮਾਰਤ ‘ਚ ਧਮਾਕਾ ਹੋਇਆ, ਉਸ ਥਾਂ ‘ਤੇ 8-10 ਲੋਕ ਮੌਜੂਦ ਸਨ। ਅਸੀਂ ਕਿਸੇ ਹੋਰ ਇਮਾਰਤ ਵਿੱਚ ਸੀ।
ਇਹ ਵੀ ਪੜ੍ਹੋ : ਹਰਿਆਣਾ ਦੇ ਆਜ਼ਾਦ ਵਿਧਾਇਕ ਰਾਕੇਸ਼ ਦੌਲਤਾਬਾਦ ਦਾ ਹੋਇਆ ਦੇਹਾਂਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ
ਫਿਲਹਾਲ ਫੈਕਟਰੀ ‘ਚ ਧਮਾਕਾ ਹੋਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਲੋਕਾਂ ਨੂੰ ਧਮਾਕੇ ਵਾਲੀ ਥਾਂ ਤੋਂ ਦੂਰ ਰੱਖਿਆ ਜਾ ਰਿਹਾ ਹੈ। ਬੇਮੇਤਰਾ ਦੀ ਇਹ ਬਾਰੂਦ ਫੈਕਟਰੀ ਵੱਡੇ ਖੇਤਰ ਵਿੱਚ ਫੈਲੀ ਹੋਈ ਹੈ। ਧਮਾਕੇ ਤੋਂ ਬਾਅਦ ਆਸਪਾਸ ਦੇ ਪਿੰਡ ਵਾਸੀਆਂ ‘ਚ ਦਹਿਸ਼ਤ ਦਾ ਮਾਹੌਲ ਹੈ। ਧਮਾਕੇ ਤੋਂ ਬਾਅਦ ਬਰਲਾ ਐਸਡੀਓਪੀ ਤੁਰੰਤ ਮੌਕੇ ‘ਤੇ ਪਹੁੰਚ ਗਏ।
ਛੱਤੀਸਗੜ੍ਹ ਸਰਕਾਰ ਨੇ ਫੈਕਟਰੀ ਧਮਾਕੇ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ। ਇਹ ਜਾਣਕਾਰੀ ਮੁੱਖ ਮੰਤਰੀ ਸਾਈ ਨੇ ਦਿੱਤੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ 5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: