ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ 23 ਜੁਲਾਈ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਘੁਮਾਣ ਵਿਖੇ ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਯਾਦ ਨੂੰ ਸਮਰਪਿਤ “ਸੰਤ ਨਾਮਦੇਵ ਜੀ ਯਾਤਰੀ ਨਿਵਾਸ” ਭਵਨ ਦਾ ਨੀਂਹ ਪੱਥਰ ਰੱਖਿਆ। ਦੱਸਣਯੋਗ ਹੈ ਕਿ ਰਾਜਪਾਲ ਵੱਲੋਂ ਇਸ ਭਵਨ ਦੇ ਨਿਰਮਾਣ ਲਈ ਆਪਣੇ ਫੰਡ ਵਿੱਚੋਂ 1 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ। ਪਿੰਡ ਘੁਮਾਣ ਵਿੱਚ ਬਣਨ ਵਾਲੇ ਇਸ ਭਵਨ ਵਿੱਚ ਕੁੱਲ 10 ਕਮਰੇ, 1 ਹਾਲ ਅਤੇ 1 ਰਸੋਈ ਬਣਾਈ ਜਾਵੇਗੀ, ਜਿਸ ਦਾ ਮੰਤਵ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਸਹੂਲਤਾਂ ਪ੍ਰਦਾਨ ਕਰਨਾ ਹੈ।
ਦੱਸਣਯੋਗ ਹੈ ਕਿ ਭਗਤ ਨਾਮਦੇਵ ਜੀ ਮਹਾਰਾਸ਼ਟਰ ਤੋਂ ਚੱਲ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੀ ਯਾਤਰਾ ਕਰਦੇ ਹੋਏ ਪੰਜਾਬ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਪਿੰਡ ਘੁਮਾਣ ਅਤੇ ਨੇੜਲੇ ਪਿੰਡ ਭੱਟੀਵਾਲ ਵਿੱਚ ਡੇਰਾ ਲਾਇਆ ਸੀ। ਭਗਤ ਨਾਮਦੇਵ ਜੀ 18 ਸਾਲ ਘੁਮਾਣ ਵਿੱਚ ਰਹੇ ਅਤੇ ਸੰਨ 1350 ਵਿੱਚ ਜੋਤੀ-ਜੋਤ ਸਮਾ ਗਏ। ਪਿੰਡ ਘੁਮਾਣ ਵਿੱਚ ਹੀ ਭਗਤ ਨਾਮਦੇਵ ਜੀ ਦੀ ਸਮਾਧ ਮੌਜੂਦ ਹੈ ਜਿੱਥੇ ਦੁਨੀਆਂ ਭਰ ਤੋਂ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ।
ਭਗਤ ਨਾਮਦੇਵ ਜੀ ਦਾ ਜਨਮ ਸੰਨ 1270 ਵਿੱਚ ਮਹਾਰਾਸ਼ਟਰ ਦੇ ਪਿੰਡ ਨਰਸੀ ਬਾਮਣੀ ਵਿੱਚ ਹੋਇਆ ਸੀ। ਸ਼੍ਰੋਮਣੀ ਭਗਤ ਨਾਮਦੇਵ ਜੀ ਭਗਤੀ ਲਹਿਰ ਦੇ ਉੱਘੇ ਸੰਤ ਸਨ, ਜਿਹਨਾਂ ਨੇ ਆਪਣੀ ਬਾਣੀ ਵਿੱਚ ਊਚ-ਨੀਚ ਦੇ ਫਰਕ ਨੂੰ ਖਤਮ ਕਰਨ ਦੀ ਗੱਲ ਕੀਤੀ। ਭਗਤ ਨਾਮਦੇਵ ਜੀ ਦੀ ਬਾਣੀ ਦੇ 61 ਪਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 18 ਰਾਗਾਂ ‘ਚ ਦਰਜ ਹਨ, ਜੋ ਸਮੁੱਚੀ ਮਨੁੱਖਤਾ ਲਈ ਚਾਨਣ ਮੁਨਾਰਾ ਹਨ। ਭਗਤ ਨਾਮਦੇਵ ਜੀ ਦਾ ਸਮੁੱਚਾ ਜੀਵਨ ਅਤੇ ਬਾਣੀ ਮਨੁੱਖਤਾ ਲਈ ਪ੍ਰੇਰਨਾ ਸਰੋਤ ਹਨ ਅਤੇ ਹਰ ਮਨੁੱਖ ਨੂੰ ਇਸ ਤੋਂ ਸੇਧ ਲੈਣ ਦੀ ਲੋੜ ਹੈ। ਭਗਤ ਨਾਮਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਿੰਡ ਘੁਮਾਣ ਵਿਖੇ ਸਾਲਾਨਾ ਸਮਾਗਮ ਕਰਵਾਇਆ ਜਾਂਦਾ ਹੈ ਜਿੱਥੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ’ਚ ਸੰਗਤਾਂ ਪੁੱਜਦੀਆਂ ਹਨ।
ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰਬੰਧ ਅਧੀਨ ਕਿਸ਼ਨਕੋਟ, ਗੁਰਦਾਸਪੁਰ ਵਿੱਚ ਸ਼੍ਰੋਮਣੀ ਭਗਤ ਨਾਮਦੇਵ ਜੀ ਦੇ ਨਾਂ ’ਤੇ 10 ਏਕੜ ਵਿੱਚ ਫੈਲਿਆ ਇੱਕ ਸਰਕਾਰੀ ਡਿਗਰੀ ਕਾਲਜ ਪਹਿਲਾਂ ਹੀ ਸਥਾਪਿਤ ਹੈ, ਜਿਸ ਵਿੱਚ 500 ਬੱਚੇ ਪੜ੍ਹਦੇ ਹਨ। ਜ਼ਿਕਰਯੋਗ ਹੈ ਕਿ ‘ਪਾਲਕੀ ਸੋਲਾਂ ਪੱਤਰਕਾਰ ਸੰਘ’ਵੱਲੋਂ ਪਿਛਲੇ ਦੋ ਸਾਲਾਂ ਤੋਂ ਮਹਾਰਾਸ਼ਟਰ ਤੋਂ ਪੰਜਾਬ ਤੱਕ ਸਾਈਕਲ ਯਾਤਰਾ ਕੱਢੀ ਜਾਂਦੀ ਹੈ, ਜਿਸ ਦਾ ਚੰਡੀਗੜ੍ਹ ਵਿਖੇ ਪੰਜਾਬ ਦੇ ਰਾਜਪਾਲ ਵੱਲੋਂ ਨਿੱਜੀ ਤੌਰ ’ਤੇ ਸਵਾਗਤ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਮੋਬਾਈਲ ਫੋਨ ਤੋਂ ਲੈ ਕੇ ਸੋਨਾ-ਚਾਂਦੀ ਤੇ ਕੈਂਸਰ ਦੀਆਂ ਦਵਾਈਆਂ ਤੱਕ, ਜਾਣੋ ਕੀ-ਕੀ ਸਸਤਾ ਹੋਣ ਵਾਲਾ ਹੈ?
ਇਸ ਮੌਕੇ ਸ੍ਰੀ ਕੇ ਸ਼ਿਵਾ ਪਰਸ਼ਾਦ ਐਡੀਸ਼ਨਲ ਚੀਫ ਸੈਕਰਟਰੀ ਟੂ ਗਵਰਨਰ ਪੰਜਾਬ, ਸ੍ਰੀ ਨੀਲਕੰਠ ਅਵਧ, ਪ੍ਰਿੰਸੀਪਲ ਸੈਕਰਟਰੀ ਵਾਟਰ ਸਪਲਾਈ ਐਂਡ ਸੈਨੀਟੇਸ਼ਨ, ਸ੍ਰੀ ਵਿਸ਼ੇਸ਼ ਸਾਰੰਗਲ, ਡਿਪਟੀ ਕਮਿਸ਼ਨਰ ਗੁਰਦਾਸਪੁਰ, ਮੈਡਮ ਅਸ਼ਵਨੀ ਗੋਟਿਆਲ ਐਸਐਸਪੀ ਬਟਾਲਾ, ਡਾ ਸ਼ਾਇਰੀ ਭੰਡਾਰੀ ਐਸਡੀਐਮ ਬਟਾਲਾ, ਮਹਾਰਾਸ਼ਟਰ ਤੋਂ ਅਕਸ਼ੈ ਮਹਾਰਾਜ ਭੋਸਲੇ, ਸੂਰੀਆ ਕਾਂਤ, ਸੁਭਾਸ਼ ਭੰਬੋਰ, ਡਾ ਅਭੈ ਜੀ, ਡਾ ਬਾਲਾਸਾਹਿਬ ਜੀ,ਸਰਪੰਚ ਨਰਿੰਦਰ ਸਿੰਘ ਨਿੰਦੀ, ਸ਼੍ਰੀ ਨਾਮਦੇਵ ਦਰਬਾਰ ਕਮੇਟੀ ਦੇ ਸਰਪ੍ਰਸਤ ਹਰਜਿੰਦਰ ਸਿੰਘ ਬਾਵਾ, ਪ੍ਰਧਾਨ ਤਰਸੇਮ ਸਿੰਘ ਬਾਵਾ, ਜਨਰਲ ਸਕੱਤਰ ਸੁਖਜਿੰਦਰ ਸਿੰਘ ਲਾਲੀ, ਮੀਤ ਸਕੱਤਰ ਮਨਜਿੰਦਰ ਸਿੰਘ ਬਿੱਟੂ ,ਜੋਇੰਟ ਸਕੱਤਰ ਸਰਬਜੀਤ ਸਿੰਘ ਬਾਵਾ, ਸੰਤੋਖ ਸਿੰਘ ਬਾਵਾ, ਮੁੱਖ ਸਲਾਹਕਾਰ ਗੁਰਮੁਖ ਸਿੰਘ , ਮੀਤ ਪ੍ਰਧਾਨ ਰਘਬੀਰ ਸਿੰਘ, ਸਟੋਰ ਕੀਪਰ ਸੁਖਵੰਤ ਸਿੰਘ ਰਾਜੂ, ਕੈਸ਼ੀਅਰ ਮਨਜੀਤ ਸਿੰਘ, ਸੁਖਬੀਰ ਸਿੰਘ ਬਾਵਾ, ਪ੍ਰਿਤਪਾਲ ਸਿੰਘ, ਇੰਦਰਜੀਤ ਸਿੰਘ ਬਾਵਾ, ਅਰਵਿੰਦਰ ਸਿੰਘ ਬਾਵਾ, ਰਮੇਸ਼ ਚੰਦਰ ਬਾਵਾ, ਕੁਲਦੀਪ ਸਿੰਘ ਬਾਵਾ, ਪ੍ਰਿਤਪਾਲ ਸਿੰਘ, ਰਣਜੀਤ ਸਿੰਘ ਬਾਵਾ, ਜਸਬੀਰ ਸਿੰਘ ਬਾਵਾ ਅਤੇ ਨਰੇਸ਼ ਕੁਮਾਰ ਬਾਵਾ ਆਦਿ ਹਾਜ਼ਰ ਸਨ।
ਵੀਡੀਓ ਲਈ ਕਲਿੱਕ ਕਰੋ -: