ਸ਼ੰਭੂ ਬਾਰਡਰ ‘ਤੇ ਇਕ ਐਂਡੇਵਰ ਕਾਰ ‘ਚ ਕਰੋੜਾਂ ਰੁਪਏ ਦੀ ਰਕਮ ਲੈ ਕੇ ਜਾ ਰਹੇ ਦੋ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਸ਼ੰਭੂ ਥਾਣੇ ਦੇ ਇੰਚਾਰਜ ਅਮਨਪਾਲ ਸਿੰਘ ਵਿਰਕ ਅਤੇ ਪੁਲਿਸ ਪਾਰਟੀ ਨੇ ਬੀਤੀ ਦੇਰ ਸ਼ਾਮ ਨਾਕਾਬੰਦੀ ਦੌਰਾਨ ਇਹ ਬਰਾਮਦਗੀ ਕੀਤੀ। ਪੈਸੇ ਗਿਣਨ ਤੋਂ ਬਾਅਦ ਕਾਰ ‘ਚੋਂ 1 ਕਰੋੜ 77 ਲੱਖ 17000 ਰੁਪਏ ਦੀ ਰਕਮ ਬਰਾਮਦ ਹੋਈ।
ਥਾਣਾ ਸ਼ੰਭੂ ਦੇ SHO ਅਮਨ ਪਾਲ ਸਿੰਘ ਨੇ ਦੱਸਿਆ ਕਿ SSP ਦੀਆਂ ਹਦਾਇਤਾਂ ’ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਸੀ। ਅੰਬਾਲਾ ਤੋਂ ਰਾਜਪੁਰਾ ਰੋਡ ‘ਤੇ ਸਥਿਤ ਪਿੰਡ ਮਹਿਤਾਬਗੜ੍ਹ ਨੇੜੇ ਇੱਕ ਚੰਡੀਗੜ੍ਹ ਨੰਬਰ ਦੀ ਫੋਰਡ ਐਂਡੇਵਰ ਕਾਰ ਨੂੰ ਚੈਕਿੰਗ ਲਈ ਰੋਕਿਆ ਗਿਆ ਗੱਡੀ ਦੀ ਚੈਕਿੰਗ ਕਰਨ ਉਪਰੰਤ 1 ਕਰੋੜ 77 ਲੱਖ 17000 ਰੁਪਏ ਦੀ ਰਾਸ਼ੀ ਬਰਾਮਦ ਹੋਈ ਅਤੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ ‘ਤੇ ਬੁਲਾ ਕੇ ਡਰਾਈਵਰ ਅਤੇ ਉਸ ਦੇ ਸਾਥੀ ਖਿਲਾਫ ਬਣਦੀ ਕਾਰਵਾਈ ਕੀਤੀ ਗਈ।
ਇਹ ਵੀ ਪੜ੍ਹੋ : ਪੰਜਾਬ ਸਿਹਤ ਵਿਭਾਗ ਨੂੰ ਮਿਲੀਆਂ 58 ਨਵੀਆਂ ਐਂਬੂਲੈਂਸਾਂ, CM ਮਾਨ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਕਾਰ ਚਾਲਕ ਨੇ ਆਪਣੀ ਪਛਾਣ ਗੁਰਪ੍ਰੀਤ ਸਿੰਘ, ਵਾਸੀ ਪਿੰਡ ਸਲਾਣੀ ਅਮਰੋਹਾ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਅਤੇ ਉਸ ਦੇ ਨਾਲ ਬੈਠੇ ਵਿਅਕਤੀ ਨੇ ਆਪਣੀ ਪਛਾਣ ਬਲਦੇਵ ਸਿੰਘ, ਵਾਸੀ ਪਿੰਡ ਜਸਰਾ ਗੋਬਿੰਦਗੜ੍ਹ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਜੋਂ ਦੱਸੀ। ਇਨਕਮ ਟੈਕਸ ਅਧਿਕਾਰੀਆਂ ਦੀ ਟੀਮ ਨੇ ਨਕਦੀ ਜ਼ਬਤ ਕਰ ਲਈ ਅਤੇ ਕਾਰ ਵਿੱਚ ਸਵਾਰ ਦੋ ਵਿਅਕਤੀਆਂ ਨੂੰ ਛੱਡ ਦਿੱਤਾ। ਦੋਵਾਂ ਨੂੰ ਸੋਮਵਾਰ ਨੂੰ ਪੈਸਿਆਂ ਸਬੰਧੀ ਜ਼ਰੂਰੀ ਦਸਤਾਵੇਜ਼ ਅਤੇ ਸਬੂਤ ਲਿਆਉਣ ਲਈ ਕਿਹਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: