ਫਾਜ਼ਿਲਕਾ ਦੀ ਭੈਰੋਂ ਬਸਤੀ ‘ਚ ਛੋਟੇ ਭਰਾ ਵੱਲੋਂ ਆਪਣੇ ਹੀ ਵੱਡੇ ਭਰਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਇੱਕੋ ਲੜਕੀ ਦੇ ਨਾਲ ਪ੍ਰੇਮ ਸਬੰਧਾਂ ਨੂੰ ਲੈ ਦੋਵਾਂ ਭਰਾਵਾਂ ‘ਚ ਲੜਾਈ ਹੋ ਗਈ ਸੀ। ਇਸ ਦੌਰਾਨ ਝਗੜਾ ਇਨ੍ਹਾਂ ਵੱਧ ਗਿਆ ਕਿ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ। ਵਾਰਦਾਤ ਮਗਰੋਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵੱਲੋਂ ਦੋਸ਼ੀ ਭਰਾ ਦੀ ਭਾਲ ਕੀਤੀ ਜਾ ਰਹੀ ਹੈ।
ਮ੍ਰਿਤਕ ਦੀ ਭੈਣ ਕੋਮਲ ਨੇ ਦੱਸਿਆ ਕਿ ਲੜਕੀ ਆਪਣੇ ਦੋ ਭਰਾਵਾਂ ਅਜੈ ਕੁਮਾਰ ਅਤੇ ਸ਼ਿਵ ਦੇ ਸੰਪਰਕ ਵਿੱਚ ਸੀ। ਲੜਕੀ ਦੋਵਾਂ ਭਰਾਵਾਂ ਨਾਲ ਗੱਲਬਾਤ ਕਰਦੀ ਸੀ। ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਦੋਵਾਂ ਭਰਾਵਾਂ ਵਿੱਚ ਸ਼ਰਾਬ ਪੀ ਕੇ ਲੜਾਈ ਹੋ ਗਈ। ਲੜਕੀ ਨੂੰ ਲੈ ਕੇ ਹੋਈ ਲੜਾਈ ਕਾਰਨ ਇਹ ਮਾਮਲਾ ਖੂਨੀ ਤਕਰਾਰ ਵਿੱਚ ਬਦਲ ਗਿਆ।
ਇਸ ਦੇ ਨਾਲ ਹੀ ਮ੍ਰਿਤਕ ਦੇ ਪਿਤਾ ਦਰਸ਼ਨ ਕਸ਼ਯਪ ਨੇ ਦੱਸਿਆ ਕਿ ਉਸ ਦੇ ਦੋਵੇਂ ਲੜਕੇ ਸ਼ਰਾਬ ਪੀਣ ਦੇ ਆਦੀ ਸਨ, ਜੋ ਅਕਸਰ ਸ਼ਰਾਬ ਪੀ ਕੇ ਆਪਸ ਵਿੱਚ ਲੜਦੇ ਰਹਿੰਦੇ ਸਨ। ਬੀਤੀ ਰਾਤ ਉਹ ਆਪਣੇ ਕਮਰੇ ਵਿੱਚ ਸੌਣ ਲਈ ਚਲਾ ਗਿਆ, ਜਦੋਂ ਕਿ ਉਸ ਦੇ ਦੋਵੇਂ ਪੁੱਤਰ ਹੱਡਾ ਰੋਡ ਨੇੜੇ ਝੁੱਗੀ ਵਿੱਚ ਚਲੇ ਗਏ। ਰਾਤ ਨੂੰ ਦੋਵਾਂ ਵਿਚ ਲੜਾਈ ਹੋ ਗਈ। ਇਸ ਦੌਰਾਨ ਛੋਟੇ ਭਰਾ ਅਜੈ ਕੁਮਾਰ ਨੇ ਜ਼ਮੀਨ ‘ਤੇ ਡਿੱਗੇ ਵੱਡੇ ਭਰਾ ਸ਼ਿਵ ਦੇ ਸਿਰ ‘ਤੇ ਇੱਟ ਨਾਲ ਜ਼ੋਰਦਾਰ ਵਾਰ ਕੀਤਾ ਅਤੇ ਫਿਰ ਤੇਜਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ : ਕੋਲਕਾਤਾ ਡਾਕਟਰ ਮਾਮਲੇ ‘ਤੇ ਸੁਪਰੀਮ ਕੋਰਟ ਸਖ਼ਤ, ਡਾਕਟਰਾਂ ਦੀ ਸੁਰੱਖਿਆ ਲਈ SC ਨੇ ਬਣਾਈ ਟਾਸਕ ਫੋਰਸ
ਆਪਣੇ ਵੱਡੇ ਭਰਾ ਦਾ ਕਤਲ ਕਰਨ ਤੋਂ ਬਾਅਦ ਅਜੈ ਕੁਮਾਰ ਨੇ ਆਪਣੀ ਭੈਣ ਨੂੰ ਦੱਸਿਆ ਕਿ ਉਸ ਨੇ ਆਪਣੇ ਭਰਾ ਸ਼ਿਵ ਦਾ ਕਤਲ ਕਰ ਦਿੱਤਾ ਹੈ, ਜਿਸ ਦਾ ਉਸ ਨਾਲ ਅਕਸਰ ਝਗੜਾ ਰਹਿੰਦਾ ਸੀ। ਜਦੋਂ ਉਸ ਦੀ ਭੈਣ ਨੇ ਉਸ ਦੀ ਗੱਲ ‘ਤੇ ਵਿਸ਼ਵਾਸ ਨਹੀਂ ਕੀਤਾ ਤਾਂ ਦੋਸ਼ੀ ਨੇ ਆਪਣੇ ਮੋਬਾਈਲ ਤੋਂ ਸ਼ਿਵ ਦੀ ਲਾਸ਼ ਦੀ ਫੋਟੋ ਭੇਜ ਦਿੱਤੀ।
ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਮਾਮਲੇ ਦੀ ਜਾਂਚ ਕਰ ਰਹੇ ਤਫ਼ਤੀਸ਼ੀ ਅਫ਼ਸਰ ਐੱਸ.ਐਚ.ਓ ਮਨਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਦਰਸ਼ਨ ਕਸ਼ਯਪ ਦੇ ਬਿਆਨ ਦੇ ਅਧਾਰ ‘ਤੇ ਕਥਿਤ ਦੋਸ਼ੀ ਭਰਾ ਦੇ ਖ਼ਿਲਾਫ਼ ਧਾਰਾ 304 ਆਈ.ਪੀ.ਸੀ 105 ਬੀ.ਐਨ.ਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: