ਭਾਰਤੀ ਕ੍ਰਿਕਟ ਟੀਮ ਦੇ ਕੋਚ ਗੌਤਮ ਗੰਭੀਰ ਨੂੰ ਵੱਡਾ ਝਟਕਾ ਲੱਗਾ ਹੈ। ਦਿੱਲੀ ਦੀ ਇੱਕ ਅਦਾਲਤ ਨੇ ਫਲੈਟ ਖਰੀਦਦਾਰਾਂ ਨਾਲ ਧੋਖਾਧੜੀ ਦੇ ਮਾਮਲੇ ਵਿੱਚ ਨਵੇਂ ਸਿਰੇ ਤੋਂ ਜਾਂਚ ਦੇ ਹੁਕਮ ਦਿੱਤੇ ਹਨ। ਨਾਲ ਹੀ ਗੌਤਮ ਗੰਭੀਰ ਅਤੇ ਹੋਰ ਦੋਸ਼ੀਆਂ ਨੂੰ ਬਰੀ ਕਰਨ ਦੇ ਹੁਕਮ ਨੂੰ ਰੱਦ ਕਰ ਦਿੱਤਾ ਹੈ। ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਗੌਤਮ ਗੰਭੀਰ ਅਤੇ ਹੋਰਾਂ ਨੂੰ ਬਰੀ ਕਰਨ ਦੇ ਮੈਜਿਸਟ੍ਰੇਟ ਅਦਾਲਤ ਦੇ ਹੁਕਮ ਨੂੰ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਦੋਸ਼ ਗੌਤਮ ਗੰਭੀਰ ਦੀ ਭੂਮਿਕਾ ਦੀ ਹੋਰ ਜਾਂਚ ਕਰਨ ਲਈ ਕਾਫੀ ਹਨ।
ਦਰਅਸਲ, ਫਲੈਟ ਖਰੀਦਦਾਰਾਂ ਨੇ ਰੀਅਲ ਅਸਟੇਟ ਕੰਪਨੀਆਂ ਰੁਦਰ ਬਿਲਡਵੈਲ ਰਿਐਲਟੀ ਪ੍ਰਾਈਵੇਟ ਲਿਮਟਿਡ, ਐਚਆਰ ਇਨਫ੍ਰਾਸਿਟੀ ਪ੍ਰਾਈਵੇਟ ਲਿਮਟਿਡ, ਯੂਐਮ ਆਰਕੀਟੈਕਚਰ ਐਂਡ ਕੰਟਰੈਕਟਰਜ਼ ਲਿਮਟਿਡ ਅਤੇ ਗੌਤਮ ਗੰਭੀਰ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਸੀ। ਗੌਤਮ ਗੰਭੀਰ ਸੰਯੁਕਤ ਉੱਦਮ ਦੇ ਨਿਰਦੇਸ਼ਕ ਅਤੇ ਬ੍ਰਾਂਡ ਅੰਬੈਸਡਰ ਸਨ।
ਇਹ ਵੀ ਪੜ੍ਹੋ : ਬਰਨਾਲਾ ਦੇ ਭਦੌੜ ਦੇ ਜੰਮਪਲ ਡਾਕਟਰ ਤੇਜਿੰਦਰ ਸਿੰਘ ਗਰੇਵਾਲ ਕੈਨੇਡਾ ਦੇ ਸੈਸਕਾਟੂਨ ‘ਚ ਬਣੇ ਵਿਧਾਇਕ
ਤੁਹਾਨੂੰ ਦੱਸ ਦੇਈਏ ਕਿ ਸਾਲ 2011 ਵਿੱਚ ਗਾਜ਼ੀਆਬਾਦ ਦੇ ਇੰਦਰਾਪੁਰਮ ਵਿੱਚ ‘ਸੇਰਾ ਬੇਲਾ’ ਨਾਮ ਦੇ ਇੱਕ ਪ੍ਰੋਜੈਕਟ ਦਾ ਪ੍ਰਚਾਰ ਅਤੇ ਵਿਗਿਆਪਨ ਕੀਤਾ ਗਿਆ ਸੀ, ਜਿਸਦਾ ਨਾਮ 2013 ਵਿੱਚ ਬਦਲ ਕੇ ‘ਪਾਵੋ ਰੀਅਲ’ ਕਰ ਦਿੱਤਾ ਗਿਆ ਸੀ। ਹਾਲਾਂਕਿ, ਸ਼ਿਕਾਇਤਕਰਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ਼ਤਿਹਾਰ ਅਤੇ ਬਰੋਸ਼ਰ ਦੇਖ ਕੇ ਫਲੈਟ ਬੁੱਕ ਕਰਵਾਏ ਅਤੇ 6 ਲੱਖ ਤੋਂ 16 ਲੱਖ ਰੁਪਏ ਤੱਕ ਦੀ ਰਕਮ ਅਦਾ ਕੀਤੀ। ਇਸ ਦੇ ਬਾਵਜੂਦ ਪਲਾਟ ’ਤੇ ਕੋਈ ਬੁਨਿਆਦੀ ਢਾਂਚਾ ਜਾਂ ਵਿਕਾਸ ਦਾ ਕੰਮ ਨਹੀਂ ਕੀਤਾ ਗਿਆ। ਜਦੋਂ ਇਹ ਸ਼ਿਕਾਇਤ ਦਰਜ ਕਰਵਾਈ ਗਈ ਤਾਂ 2016 ਵਿੱਚ ਵੀ ਕੋਈ ਵਿਕਾਸ ਨਹੀਂ ਹੋਇਆ।
ਜੱਜ ਨੇ ਕਿਹਾ ਕਿ ਗੌਤਮ ਗੰਭੀਰ ਹੀ ਅਜਿਹਾ ਦੋਸ਼ੀ ਸੀ, ਜਿਸ ਦਾ ਬ੍ਰਾਂਡ ਅੰਬੈਸਡਰ ਦੇ ਤੌਰ ‘ਤੇ ਨਿਰਦੇਸ਼ਕਾਂ ਨਾਲ ਸਿੱਧਾ ਸੰਪਰਕ ਸੀ। ਹਾਲਾਂਕਿ ਬਾਅਦ ਵਿਚ ਉਸ ਨੂੰ ਬਰੀ ਕਰ ਦਿੱਤਾ ਗਿਆ ਸੀ, ਪਰ ਮੈਜਿਸਟ੍ਰੇਟ ਅਦਾਲਤ ਦੇ ਹੁਕਮਾਂ ਨੇ ਰੁਦਰ ਬਿਲਡਵੈਲ ਰਿਐਲਟੀ ਪ੍ਰਾ. ਲਿਮਿਟੇਡ ਕੰਪਨੀ ਵੱਲੋਂ 6 ਕਰੋੜ ਰੁਪਏ ਅਦਾ ਕਰਨ ਅਤੇ 4.85 ਕਰੋੜ ਰੁਪਏ ਲੈਣ ਦਾ ਕੋਈ ਹਵਾਲਾ ਨਹੀਂ ਦਿੱਤਾ ਗਿਆ। ਅਦਾਲਤ ਨੇ ਕਿਹਾ ਕਿ ਇਹ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਕੀ ਧੋਖਾਧੜੀ ਦੀ ਰਕਮ ਦਾ ਕੋਈ ਹਿੱਸਾ ਗੰਭੀਰ ਦੇ ਹੱਥ ਆਇਆ ਹੈ? ਅਦਾਲਤ ਦੇ ਅਨੁਸਾਰ, ਗੰਭੀਰ ਇੱਕ ਬ੍ਰਾਂਡ ਅੰਬੈਸਡਰ ਵਜੋਂ ਭੂਮਿਕਾ ਦੇ ਨਾਲ-ਨਾਲ ਕੰਪਨੀ ਨਾਲ ਵਿੱਤੀ ਲੈਣ-ਦੇਣ ਵਿੱਚ ਵੀ ਸ਼ਾਮਲ ਸੀ।
ਵੀਡੀਓ ਲਈ ਕਲਿੱਕ ਕਰੋ -: