ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ’ਤੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਸੰਯੁਕਤ ਕਿਸਾਨ ਮੋਰਚੇ ਅਤੇ ਕਿਸਾਨ ਮਜ਼ਦੂਰ ਮੋਰਚੇ ਨੇ ਕਿਸਾਨੀ ਮੰਗਾਂ ਸਬੰਧੀ ਸੁਪਰੀਮ ਕੋਰਟ ਵੱਲੋਂ ਗਠਿਤ ਕੀਤੀ ਗਈ ਕਮੇਟੀ ਨਾਲ 18 ਦਸੰਬਰ ਨੂੰ ਹੋਣ ਵਾਲੀ ਬੈਠਕ ’ਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਮੇਟੀ ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਇਸ ਸਬੰਧੀ ਜਾਣੂ ਵੀ ਕਰਵਾ ਦਿੱਤਾ ਹੈ।
ਜਗਜੀਤ ਡੱਲੇਵਾਲ ਨੇ ਪੱਤਰ ‘ਚ ਲਿਖਿਆ ਕਿ ਸੁਪਰੀਮ ਕੋਰਟ ਵੱਲੋਂ ਕਿਸਾਨਾਂ ਤੇ ਸਰਕਾਰ ’ਚ ਭਰੋਸਾ ਬਹਾਲ ਕਰਨ ਲਈ ਕਮੇਟੀ ਬਣਾਈ ਗਈ ਸੀ ਪਰ ਅੱਜ ਤੱਕ ਕਮੇਟੀ ਨੇ ਇਸ ਲਈ ਕੋਈ ਠੋਸ ਉਪਰਾਲਾ ਨਹੀਂ ਕੀਤਾ ਤੇ ਨਾ ਹੀ ਸਾਡੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਦਾ ਕੋਈ ਸੰਜੀਦਾ ਯਤਨ ਕੀਤਾ ਹੈ। ਇੰਨੀ ਗੰਭੀਰ ਸਥਿਤੀ ਦੇ ਬਾਵਜੂਦ ਤੁਹਾਡੀ ਕਮੇਟੀ ਖਨੌਰੀ ਤੇ ਸ਼ੰਭੂ ਨਹੀਂ ਪੁੱਜੀ। ਇਹ ਦੇਖ ਕੇ ਬਹੁਤ ਦੁੱਖ ਹੋਇਆ ਕਿ ਤੁਸੀਂ ਐਨੀ ਦੇਰੀ ਬਾਅਦ ਸਰਗਰਮ ਹੋਏ। ਕੀ ਇਹ ਕਮੇਟੀ ਮੇਰੀ ਮੌਤ ਦੀ ਉਡੀਕ ਕਰ ਰਹੀ ਸੀ?
ਉਨ੍ਹਾਂ ਅੱਗੇ ਲਿਖਿਆ ਕਿ ਸਾਨੂੰ ਕਮੇਟੀ ਦੇ ਸਾਰੇ ਸਤਿਕਾਰਯੋਗ ਮੈਂਬਰਾਂ ਤੋਂ ਅਜਿਹੀ ਅਸੰਵੇਦਨਸ਼ੀਲਤਾ ਦੀ ਉਮੀਦ ਨਹੀਂ ਸੀ। ਮੇਰੀ ਮੈਡੀਕਲ ਹਾਲਤ ਅਤੇ ਸ਼ੰਭੂ ਬਾਰਡਰ ’ਤੇ ਜ਼ਖਮੀ ਕਿਸਾਨਾਂ ਦੀ ਹਾਲਤ ਨੂੰ ਦੇਖਦੇ ਹੋਏ ਸਾਡੇ ਦੋਹਾਂ ਮੋਰਚਿਆਂ ਨੇ ਫ਼ੈਸਲਾ ਕੀਤਾ ਹੈ ਕਿ ਅਸੀਂ ਤੁਹਾਡੇ ਨਾਲ ਮੀਟਿੰਗ ਕਰਨ ਤੋਂ ਅਸਮਰੱਥ ਹਾਂ। ਹੁਣ ਸਾਡੀਆਂ ਮੰਗਾਂ ’ਤੇ ਜੋ ਵੀ ਗੱਲਬਾਤ ਹੋਵੇਗੀ, ਅਸੀਂ ਕੇਂਦਰ ਸਰਕਾਰ ਨਾਲ ਹੀ ਕਰਾਂਗੇ।
ਇਹ ਵੀ ਪੜ੍ਹੋ : ਪੰਜਾਬ ‘ਚ ਅੱਜ ਕਿਸਾਨਾਂ ਵੱਲੋਂ ਰੋਕੀਆਂ ਜਾਣਗੀਆਂ ਰੇਲਾਂ, 48 ਥਾਵਾਂ ‘ਤੇ 3 ਘੰਟਿਆਂ ਲਈ ਜਾਮ ਕਰਨਗੇ ਟ੍ਰੈਕ
ਇਸੇ ਦੌਰਾਨ ਖਨੌਰੀ ਬਾਰਡਰ ’ਤੇ ਚੱਲ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਸਬੰਧੀ ਅੱਜ ਸਾਂਝਾ ਕਿਸਾਨ ਮੋਰਚਾ (SKM) ਨੇ ਮੀਟਿੰਗ ਸੱਦੀ ਹੈ। ਮੀਟਿੰਗ ਬਾਅਦ ਦੁਪਹਿਰ 2 ਵਜੇ ਕਿਸਾਨ ਭਵਨ ਚੰਡੀਗੜ੍ਹ ਵਿਖੇ ਹੋਵੇਗੀ। ਇਸ ਵਿੱਚ ਡੱਲੇਵਾਲ ਦੇ ਸੰਘਰਸ਼ ਨੂੰ ਸਮਰਥਨ ਦੇਣ ਦਾ ਐਲਾਨ ਹੋ ਸਕਦਾ ਹੈ। ਇਸ ਤੋਂ ਬਾਅਦ ਸ਼ਾਮ 7 ਵਜੇ ਰਾਜਪਾਲ ਨੂੰ ਮਿਲਣ ਦਾ ਪ੍ਰੋਗਰਾਮ ਹੈ। ਭਾਵੇਂ ਪਹਿਲਾਂ ਇਹ ਮੀਟਿੰਗ 24 ਦਸੰਬਰ ਨੂੰ ਹੋਣੀ ਸੀ ਪਰ ਕਿਸਾਨ ਆਗੂ ਜਗਜੀਤ ਡੱਲੇਵਾਲ ਦੀ ਵਿਗੜਦੀ ਸਿਹਤ ਦੇ ਮੱਦੇਨਜ਼ਰ ਮੀਟਿੰਗ ਦਾ ਸਮਾਂ ਬਦਲ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: