ਪੰਜਾਬ ਦੇ ਮੋਹਾਲੀ ਵਿੱਚ ਸ਼ਨੀਵਾਰ ਸ਼ਾਮ ਨੂੰ ਢਹਿ ਢੇਰੀ ਹੋਈ ਬਹੁਮੰਜ਼ਿਲਾ ਇਮਾਰਤ ਵਿੱਚੋਂ ਐਤਵਾਰ ਸਵੇਰੇ ਇੱਕ ਹੋਰ ਲਾਸ਼ ਬਰਾਮਦ ਹੋਈ ਹੈ। ਇਸ ਤੋਂ ਪਹਿਲਾਂ ਰਾਤ ਨੂੰ ਇੱਕ ਲੜਕੀ ਨੂੰ ਬਚਾਇਆ ਗਿਆ ਸੀ ਜੋ ਜ਼ਿੰਦਾ ਸੀ। ਹਾਲਾਂਕਿ ਹਸਪਤਾਲ ‘ਚ ਉਸ ਦੀ ਮੌਤ ਹੋ ਗਈ। NDRF ਅਤੇ ਫੌਜ ਦੀਆਂ ਟੀਮਾਂ ਕਰੀਬ 18 ਘੰਟਿਆਂ ਤੋਂ ਬਚਾਅ ਕਾਰਜ ‘ਚ ਲੱਗੀਆਂ ਹੋਈਆਂ ਹਨ। NDRF ਅਧਿਕਾਰੀਆਂ ਮੁਤਾਬਕ 5 ਲੋਕ ਮਲਬੇ ਹੇਠਾਂ ਦੱਬੇ ਗਏ ਸਨ। ਇਨ੍ਹਾਂ ਵਿੱਚ 3 ਲੜਕੇ ਅਤੇ 2 ਲੜਕੀਆਂ ਸਨ। 3 ਲੋਕਾਂ ਦੇ ਅਜੇ ਵੀ ਮਲਬੇ ਹੇਠਾਂ ਦੱਬੇ ਹੋਣ ਦੀ ਸੰਭਾਵਨਾ ਹੈ।
ਅੱਜ ਸਵੇਰੇ ਡਾਕਟਰਾਂ ਦੀ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ ਹੈ। ਜਿਸ ਥਾਂ ‘ਤੇ ਇਮਾਰਤ ਡਿੱਗੀ ਸੀ, ਉਹ ਸੀਵਰੇਜ ਦੇ ਪਾਣੀ ਨਾਲ ਭਰ ਗਈ ਹੈ, ਜਿਸ ਨਾਲ ਮਲਬੇ ਹੇਠ ਦੱਬੇ ਲੋਕਾਂ ਦੇ ਬਚਣ ਦੀ ਸੰਭਾਵਨਾ ਘਟ ਗਈ ਹੈ। ਹਾਦਸੇ ‘ਚ ਬਚੇ ਜਿਮ ਟ੍ਰੇਨਰ ਨੇ ਦੱਸਿਆ ਕਿ ਇਮਾਰਤ ਦੀਆਂ 3 ਮੰਜ਼ਿਲਾਂ ‘ਤੇ ਜਿੰਮ ਸਨ ਅਤੇ ਬਾਕੀ 2 ਮੰਜ਼ਿਲਾਂ ‘ਤੇ ਲੋਕ ਕਿਰਾਏ ‘ਤੇ ਰਹਿੰਦੇ ਸਨ। ਰਾਤ ਨੂੰ ਇਕ ਔਰਤ ਆਪਣੇ ਪਤੀ ਨੂੰ ਲੱਭਣ ਲਈ ਮੌਕੇ ‘ਤੇ ਪਹੁੰਚੀ ਸੀ। ਉਨ੍ਹਾਂ ਦੇ ਪਤੀ ਅਭਿਸ਼ੇਕ ਇੱਥੇ ਜਿਮ ‘ਚ ਕਸਰਤ ਕਰਨ ਆਏ ਸਨ। ਹਾਦਸੇ ਦੇ ਬਾਅਦ ਤੋਂ ਉਸ ਦਾ ਫੋਨ ਬੰਦ ਹੈ। ਸਵੇਰੇ ਅਭਿਸ਼ੇਕ ਦੀ ਲਾਸ਼ ਬਰਾਮਦ ਹੋਈ ਹੈ।
ਅਭਿਸ਼ੇਕ ਦਾ ਪਰਿਵਾਰ ਅੰਬਾਲਾ ਦਾ ਰਹਿਣ ਵਾਲਾ ਹੈ। ਉਸ ਦਾ ਪਰਿਵਾਰ ਕੱਲ੍ਹ ਸ਼ਾਮ ਹੀ ਇੱਥੇ ਪਹੁੰਚ ਗਿਆ ਸੀ। ਅੱਜ ਅਭਿਸ਼ੇਕ ਦੀ ਲਾਸ਼ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿੱਚ ਮਾਤਮ ਛਾ ਗਿਆ। ਬਚਾਅ ਕਾਰਜ ‘ਚ ਅੜਚਨ ਨਾ ਆਉਣ ਲਈ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੀ ਦੇਖ-ਰੇਖ ‘ਚ ਪਹੁੰਚ ਕੇ ਲਾਸ਼ ਨੂੰ ਪਰਿਵਾਰ ਸਮੇਤ ਹਸਪਤਾਲ ਪਹੁੰਚਾਇਆ। ਮੁਹਾਲੀ ਦੇ ਕਾਰਜਕਾਰੀ ਡੀਸੀ ਵਿਰਾਜ ਐਸ ਟਿੱਡਕੇ ਨੇ ਬੀਤੀ ਦੇਰ ਰਾਤ ਜਾਣਕਾਰੀ ਦਿੱਤੀ ਕਿ ਮਲਬੇ ਹੇਠ ਦੱਬ ਕੇ ਮਰਨ ਵਾਲੀ ਲੜਕੀ ਦੀ ਪਛਾਣ ਦ੍ਰਿਸ਼ਟੀ ਵਰਮਾ (20) ਵਜੋਂ ਹੋਈ ਹੈ। ਉਹ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਸੀ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਨਿਗਮ ਚੋਣਾਂ ਲਈ ਵੋਟਿੰਗ ਜਾਰੀ, ਕਾਂਗਰਸੀ ਸਾਂਸਦ ਗੁਰਜੀਤ ਔਜਲਾ ਨੇ ਪਰਿਵਾਰ ਸਣੇ ਪਾਈ ਵੋਟ
ਬਚਾਅ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਭਾਰਤੀ ਫੌਜ ਨੇ ਦੱਸਿਆ ਕਿ ਇੰਜੀਨੀਅਰ ਟਾਸਕ ਫੋਰਸ ਦੇ 80 ਜਵਾਨ ਸਾਜ਼ੋ-ਸਾਮਾਨ ਸਮੇਤ ਬਚਾਅ ‘ਚ ਲੱਗੇ ਹੋਏ ਹਨ। ਇਨ੍ਹਾਂ ਸਿਪਾਹੀਆਂ ਨੇ ਰਾਤ ਭਰ ਕੰਮ ਕੀਤਾ। ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅਸੀਂ NDRF ਨਾਲ ਲਗਾਤਾਰ ਤਾਲਮੇਲ ਕਰ ਰਹੇ ਹਾਂ। ਇਸ ਤੋਂ ਇਲਾਵਾ ਐਸ.ਐਸ.ਪੀ ਦੀਪਕ ਪਾਰੀਕ ਨੇ ਦੱਸਿਆ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੁਲਿਸ ਨੇ ਬੀਤੀ ਰਾਤ ਥਾਣਾ ਸੋਹਾਣਾ ਵਿਖੇ ਬਿਲਡਿੰਗ ਮਾਲਕਾਂ ਪਰਵਿੰਦਰ ਸਿੰਘ ਅਤੇ ਗਗਨਦੀਪ ਸਿੰਘ ਵਾਸੀ ਚਾਓ ਮਾਜਰਾ ਦੇ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 105 ਤਹਿਤ ਮਾਮਲਾ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: