ਖਨੌਰੀ ਸਰਹੱਦ ਵਿਖੇ ਕਿਸਾਨ ਆਗੂ ਜਗਜੀਤ ਡੱਲੇਵਾਲ ਦਾ ਮਰਨ ਵਰਤ ਅੱਜ 29ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਲਗਾਤਾਰ ਵਿਗੜ ਰਹੀ ਸਿਹਤ ਦੇ ਬਾਵਜ਼ੂਦ ਉਹ ਭੁੱਖ ਹੜਤਾਲ ‘ਤੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਡੱਲੇਵਾਲ ਦੀ ਹਾਲਤ ਨਾਜ਼ੁਕ ਹੈ। ਉਨ੍ਹਾਂ ਦਾ ਕੋਈ ਵੀ ਅੰਗ ਕਿਸੇ ਵੀ ਸਮੇਂ ਫੇਲ੍ਹ ਹੋ ਸਕਦਾ ਹੈ ਅਤੇ ਦਿਲ ਦਾ ਦੌਰਾ ਪੈਣ ਦਾ ਵੀ ਖਤਰਾ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ ‘ਚ ਅੱਜ ਮੰਗਲਵਾਰ ਸ਼ਾਮ 5:30 ਵਜੇ ਪੰਜਾਬ ਨੂੰ ਛੱਡ ਕੇ ਪੂਰੇ ਦੇਸ਼ ‘ਚ ਕੈਂਡਲ ਮਾਰਚ ਕੱਢਿਆ ਜਾਵੇਗਾ।
ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡ ‘ਤੇ ਕੜਾਕੇ ਦੀ ਠੰਢ ਅਤੇ ਬਰਸਾਤ ਵਿੱਚ ਵੀ ਕਿਸਾਨਾ ਦਾ ਧਰਨਾ ਜਾਰੀ ਹੈ। ਕਿਸਾਨ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦਾ ਇਹ ਧਰਨਾ ਬੀਤੇ 10 ਮਹੀਨਿਆਂ ਤੋਂ ਲਗਾਤਾਰ ਜਾਰੀ ਹੈ। SKM ਦੇ ਗੈਰ ਸਿਆਸੀ ਆਗੂ ਸਰਵਣ ਸਿੰਘ ਪੰਧੇਰ ਨੇ 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਅੱਜ SKM ਦੀ ਹੋਵੇਗੀ ਅਹਿਮ ਬੈਠਕ, ਸ਼ੰਭੂ-ਖਨੌਰੀ ਮੋਰਚੇ ਨੂੰ ਸਮਰਥਨ ਦੇਣ ‘ਤੇ ਹੋਵੇਗੀ ਚਰਚਾ
ਇਸ ਸਬੰਧੀ 26 ਦਸੰਬਰ ਨੂੰ ਖਨੌਰੀ ਵਿਖੇ ਸਮੂਹ ਟਰੇਡ ਯੂਨੀਅਨਾਂ, ਸਮਾਜਿਕ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਟੈਕਸੀ ਯੂਨੀਅਨਾਂ ਦੀ ਮੀਟਿੰਗ ਸੱਦੀ ਗਈ ਹੈ। ਕਿਸਾਨ ਆਗੂਆਂ ਨੇ ਕਿਹਾ ਹੈ ਕਿ 30 ਦਸੰਬਰ ਨੂੰ ਪੰਜਾਬ ਬੰਦ ਦੌਰਾਨ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਮੈਡੀਕਲ ਅਤੇ ਐਮਰਜੈਂਸੀ ਸੇਵਾਵਾਂ ਤੋਂ ਇਲਾਵਾ ਸਭ ਕੁਝ ਬੰਦ ਰਹੇਗਾ।
ਵੀਡੀਓ ਲਈ ਕਲਿੱਕ ਕਰੋ -: