ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦਾ ਦਿਹਾਂਤ ਹੋ ਗਿਆ ਹੈ। ਸਿੰਘ ਸਾਹਿਬ ਨੇ ਆਪਣਾ ਪੂਰਾ ਜੀਵਨ ਸਿੱਖੀ ਅਤੇ ਗੁਰੂ ਘਰ ਨੂੰ ਸਮਰਪਿਤ ਕੀਤਾ। ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ‘ਤੇ ਸੁਖਬੀਰ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਪੰਥ ਦੀ ਮਹਾਨ ਸਖਸ਼ੀਅਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਸਾਬਕਾ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ ਜੀ ਦੇ ਅਕਾਲ ਚਲਾਣਾ ਕਰ ਜਾਣ ਦੀ ਖ਼ਬਰ ਸੁਣਕੇ ਬਹੁਤ ਦੁੱਖ ਹੋਇਆ। ਸਿੰਘ ਸਾਹਿਬ ਨੇ ਆਪਣਾ ਪੂਰਾ ਜੀਵਨ ਸਿੱਖੀ ਅਤੇ ਗੁਰੂ ਘਰ ਨੂੰ ਸਮਰਪਿਤ ਕੀਤਾ। ਗੁਰੂ ਸਾਹਿਬ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨ ਅਤੇ ਪਰਿਵਾਰ ਤੇ ਸੰਗਤ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਨੇ ਲੰਬਾ ਸਮਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਨਿਭਾਉਂਦਿਆਂ ਸੰਗਤਾਂ ਨੂੰ ਬਾਣੀ ਬਾਣੇ ਨਾਲ ਜੋੜਿਆ ਅਤੇ ਗੁਰੂ ਦਰਸਾਏ ਮਾਰਗ ਤੇ ਚੱਲਣ ਦੀ ਪ੍ਰੇਰਨਾ ਕੀਤੀ। ਗਿਆਨੀ ਮੋਹਣ ਸਿੰਘ ਸਿਧਾਂਤਵਾਦੀ ਪੁਰਸ਼ ਸਨ, ਜੋ ਹਮੇਸ਼ਾ ਗੁਰੂ ਘਰ ਨੂੰ ਸਮਰਪਿਤ ਰਹੇ। ਉਨ੍ਹਾਂ ਨੇ ਆਪਣੀ ਨਿੱਜੀ ਜਾਇਦਾਦ ਵੀ ਸ੍ਰੀ ਦਰਬਾਰ ਸਾਹਿਬ ਦੇ ਨਾਮ ਕਰ ਦਿੱਤੀ ਸੀ।
ਇਹ ਵੀ ਪੜ੍ਹੋ : ‘ਆਪ੍ਰੇਸ਼ਨ ਸਿੰਦੂਰ ਅਜੇ ਵੀ ਜਾਰੀ ਹੈ’, ਜੰ.ਗਬੰ/ਦੀ ਪਿੱਛੋਂ ਭਾਰਤੀ ਹਵਾਈ ਫੌਜ ਦਾ ਵੱਡਾ ਬਿਆਨ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅਜਿਹੀ ਸਖ਼ਸ਼ੀਅਤ ਦਾ ਚਲਾਣਾ ਪੂਰੇ ਵਿਸ਼ਵ ਦੀਆਂ ਸੰਗਤਾਂ ਲਈ ਵੱਡਾ ਘਾਟਾ ਹੈ ,ਜਿਸ ਦੀ ਪੂਰਤੀ ਨਹੀਂ ਹੋ ਸਕਦੀ।ਐਡਵੋਕੇਟ ਧਾਮੀ ਨੇ ਦਰਵੇਸ਼ ਪੁਰਸ਼ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। SGPC ਦੇ ਫੇਸਬੁੱਕ ਪੇਜ਼ ਉੱਤੇ ਵੀ ਗਿਆਨੀ ਮੋਹਣ ਸਿੰਘ ਨੂੰ ਸ਼ਰਧਾ ਤੇ ਸਤਿਕਾਰ ਫੁੱਲ ਭੇਂਟ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
























