ਗੁਰਦਾਸਪੁਰ ਦੇ ਪਿੰਡ ਕੈਲੇ ਕਲਾਂ ਵਿੱਚ ਬੀਤੀ ਰਾਤ ਵੱਡੀ ਵਾਰਦਾਤ ਵਾਪਰੀ। RMP ਡਾਕਟਰ ਵਜੋਂ ਮੈਡੀਕਲ ਸਟੋਰ ਚਲਾ ਰਹੇ ਇੱਕ ਵਿਅਕਤੀ ਦਾ ਅਣਪਛਾਤਿਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਵਾਰਦਾਤ ਨੂੰ ਉਸ ਸਮੇਂ ਅੰਜਾਮ ਦਿੱਤਾ ਗਿਆ ਜਦੋਂ RMP ਡਾਕਟਰ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਕਲੀਨਿਕ ਤੋਂ ਵਾਪਸ ਘਰ ਆ ਰਿਹਾ ਸੀ। ਇਹ ਵਾਰਦਾਤ ਅੰਮ੍ਰਿਤਸਰ-ਪਠਾਨਕੋਟ ਨੈਸ਼ਨਲ ਹਾਈਵੇ ਤੇ ਵਾਪਰੀ ਅਤੇ ਦੇਰ ਰਾਤ ਪੁਲਿਸ ਵਲੋ ਇਸ ਮਾਮਲੇ ਵਿੱਚ ਮ੍ਰਿਤਕ ਦੇ ਬੇਟੇ ਦੇ ਬਿਆਨਾਂ ਤਹਿਤ 6 ਲੋਕਾਂ ਖਿਲਾਫ ਵੱਖ ਵੱਖ ਧਰਾਵਾ ਤਹਿਤ ਕੇਸ ਦਰਜ ਕਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।
ਮ੍ਰਿਤਕ ਵਿਅਕਤੀ ਦੀ ਪਛਾਣ ਰਘਬੀਰ ਸਿੰਘ ਉਰਫ ਮੇਜਰ ਸਿੰਘ ਵਾਸੀ ਹਰਨਾਮ ਨਗਰ ਬਟਾਲਾ ਵਜੋਂ ਹੋਈ ਹੈ। ਰਘਬੀਰ ਸਿੰਘ ਦਾ ਪੋਸਟਮਾਰਟਮ ਬਟਾਲਾ ਦੇ ਸਿਵਿਲ ਹਸਪਤਾਲ ਵਿੱਚ ਹੋ ਰਿਹਾ ਹੈ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਪਿਛਲੇ 30 ਸਾਲ ਤੋਂ ਪਿੰਡ ਕੈਲੇ ਕਲਾਂ ਚ ਮੈਡੀਕਲ ਸਟੋਰ ‘ਤੇ ਕਲੀਨਿਕ ਚਲਾਉਂਦਾ ਆ ਰਿਹਾ ਸੀ। ਬੀਤੀ ਰਾਤ ਉਹ ਆਪਣੇ ਬੁਲੇਟ ਮੋਟਰਸਾਈਕਲ ‘ਤੇ ਸਵਾਰ ਹੋ ਕੇ ਕੈਲੇ ਕਲਾਂ ਤੋਂ ਵਾਪਸ ਬਟਾਲਾ ਨੂੰ ਆ ਰਿਹਾ ਸੀ, ਤਾ ਸਤਕੋਹਾ ਮੋੜ ਨੇੜੇ ਪਹੁੰਚਣ ‘ਤੇ ਪਿੱਛੋਂ ਅਣਪਛਾਤਿਆਂ ਨੇ ਗੋਲੀ ਮਾਰ ਦਿੱਤੀ ਜਿਸ ਨਾਲ ਉਹ ਸੜਕ ‘ਤੇ ਡਿੱਗ ਪਿਆ ਅਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਦੀਪਿਕਾ ਲੂਥਰਾ ਨੇ ਆਪਣਾ ਇੰਸਟਾ ਅਕਾਊਂਟ ਕੀਤਾ ਬੰਦ, ਪੁਲਿਸ ਨੇ ਇੰਫਲੂਐਂਸਰ ਨੂੰ ਧ.ਮ.ਕੀ ਦੇਣ ਵਾਲੇ ਨੂੰ ਕੀਤਾ ਕਾਬੂ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਹਨਾਂ ਨੂੰ ਰੰਜਿਸ਼ ਦੇ ਚਲਦਿਆਂ ਮੇਜਰ ਸਿੰਘ ਦਾ ਕਤਲ ਕੀਤੇ ਜਾਣ ਦਾ ਖਦਸ਼ਾ ਹੈ। ਉਧਰ ਪੁਲਿਸ ਜ਼ਿਲ੍ਹਾ ਬਟਾਲਾ ਦੇ ਡੀ. ਐੱਸ. ਪੀ. ਪਰਮਵੀਰ ਸਿੰਘ ਨੇ ਦਸਿਆ ਕਿ ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਚ ਲੈ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਮ੍ਰਿਤਕ ਦੇ ਬੇਟੇ ਦੇ ਬਿਆਨਾਂ ਤੇ ਕੇਸ ਦਰਜ ਕਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























