ਰੈਪਰ ਅਤੇ ਗਾਇਕ ਬਾਦਸ਼ਾਹ ਦੇ ਚੰਡੀਗੜ੍ਹ ਸਥਿਤ ਨਾਈਟ ਕਲੱਬ ਦੇ ਬਾਹਰ 2024 ਵਿੱਚ ਹੋਏ ਬੰਬ ਧਮਾਕਿਆਂ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਵੱਲੋਂ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਮੁਲਜ਼ਮ ਦੀਪਕ, ਪੰਜਾਬ ਦੇ ਫਰੀਦਕੋਟ ਦਾ ਰਹਿਣ ਵਾਲਾ ਹੈ, ਜਿਸਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਘਟਨਾ 26 ਨਵੰਬਰ, 2024 ਦੀ ਹੈ, ਜਦੋਂ ਚੰਡੀਗੜ੍ਹ ਵਿੱਚ ਦੋ ਮਸ਼ਹੂਰ ਨਾਈਟ ਕਲੱਬਾਂ ਦੇ ਬਾਹਰ ਬੰਬ ਧਮਾਕੇ ਹੋਏ ਸਨ। ਪਹਿਲਾ ਧਮਾਕਾ ਸੈਕਟਰ-26 ਵਿੱਚ ਸੇਵਿਲ ਬਾਰ ਐਂਡ ਲਾਉਂਜ ਦੇ ਬਾਹਰ ਹੋਇਆ, ਜੋ ਕਿ ਬਾਦਸ਼ਾਹ ਦੀ ਮਲਕੀਅਤ ਵਾਲਾ ਕਲੱਬ ਹੈ। ਦੂਜਾ ਧਮਾਕਾ ਡੀ’ਓਰਾ ਕਲੱਬ ਦੇ ਬਾਹਰ ਹੋਇਆ, ਜੋ ਕਿ ਸਥਾਨਕ ਕਾਰੋਬਾਰੀਆਂ ਦੀ ਮਲਕੀਅਤ ਹੈ। ਸੀਸੀਟੀਵੀ ਫੁਟੇਜ ਵਿੱਚ ਇੱਕ ਸ਼ੱਕੀ ਨੌਜਵਾਨ ਕਲੱਬਾਂ ਵੱਲ ਬੰਬ ਸੁੱਟਦਾ ਦਿਖਾਈ ਦੇ ਰਿਹਾ ਹੈ ਅਤੇ ਫਿਰ ਉੱਥੋਂ ਤੇਜ਼ੀ ਨਾਲ ਭੱਜ ਰਿਹਾ ਹੈ। ਖੁਸ਼ਕਿਸਮਤੀ ਨਾਲ, ਇਨ੍ਹਾਂ ਧਮਾਕਿਆਂ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਘਟਨਾਵਾਂ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ।
ਸੂਤਰਾਂ ਅਨੁਸਾਰ, ਦੀਪਕ ਕਥਿਤ ਤੌਰ ‘ਤੇ ਕੈਨੇਡਾ ਵਿੱਚ ਲੁਕੇ ਹੋਏ ਬਦਨਾਮ ਗੈਂਗਸਟਰ ਦੇ ਨਜ਼ਦੀਕੀ ਸੰਪਰਕ ਵਿੱਚ ਸੀ। ਪੁਲਿਸ ਦਾ ਮੰਨਣਾ ਹੈ ਕਿ ਦੀਪਕ ਨਾ ਸਿਰਫ਼ ਹਮਲੇ ਵਿੱਚ ਸ਼ਾਮਲ ਸੀ, ਸਗੋਂ ਉਸਨੇ ਪੂਰੀ ਸਾਜ਼ਿਸ਼ ਨੂੰ ਅੰਜਾਮ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਪੁਲਿਸ ਦਿੱਲੀ ਤੋਂ ਗ੍ਰਿਫ਼ਤਾਰ ਕੀਤੇ ਗਏ ਦੀਪਕ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ।
ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਧਾਰਮਿਕ ਸਜ਼ਾ ਹੋਈ ਪੂਰੀ, ਕਿਹਾ- “ਅਕਾਲ ਤਖਤ ਸਾਹਿਬ ਤੋਂ ਹੋਇਆ ਹੁਕਮ, ਮੇਰੇ ਲਈ ਰੱਬੀ ਹੁਕਮ ਸੀ”
ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਉਹ ਹਮਲੇ ਤੋਂ ਪਹਿਲਾਂ ਕਈ ਵਾਰ ਚੰਡੀਗੜ੍ਹ ਆਇਆ ਸੀ ਅਤੇ ਇੱਥੇ ਰੇਕੀ ਕਰਦਾ ਸੀ। ਉਹ ਗੋਲਡੀ ਬਰਾੜ ਦੇ ਗੁੰਡਿਆਂ ਨਾਲ ਸਿੱਧਾ ਸੰਪਰਕ ਵਿੱਚ ਸੀ ਅਤੇ ਉਨ੍ਹਾਂ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਿਹਾ ਸੀ। ਪੁਲਿਸ ਨੂੰ ਉਮੀਦ ਹੈ ਕਿ ਦੀਪਕ ਦੀ ਗ੍ਰਿਫ਼ਤਾਰੀ ਤੋਂ ਬਾਅਦ, ਇਸ ਮਾਮਲੇ ਨਾਲ ਸਬੰਧਤ ਹੋਰ ਨਾਮ ਸਾਹਮਣੇ ਆਉਣਗੇ। ਫਿਲਹਾਲ, ਪੁਲਿਸ ਇਸ ਮਾਮਲੇ ਵਿੱਚ ਪਹਿਲਾਂ ਤੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨਾਲ ਦੀਪਕ ਤੋਂ ਆਹਮੋ-ਸਾਹਮਣੇ ਪੁੱਛਗਿੱਛ ਕਰ ਰਹੀ ਹੈ, ਤਾਂ ਜੋ ਹਮਲੇ ਵਿੱਚ ਸ਼ਾਮਲ ਪੂਰੇ ਗਿਰੋਹ ਦੀ ਪਛਾਣ ਕੀਤੀ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:
























