“ਪੰਜਾਬ ਦੇ ਪੁੱਤ,ਪੰਜਾਬ ਦੇ ਨਾਲ” ਦਾ ਨਾਅਰਾ ਲੈਕੇ ਦੁਬਈ ਟਰਾਂਸਪੋਰਟ ਕਮਿਊਨਿਟੀ ਦੇ ਨਾਲ ਜੁੜੇ ਪੰਜਾਬੀ ਟਰਾਂਸਪੋਟਰਾਂ ਨੇ ਦੁਬਈ ਤੋਂ ਆ ਕੇ ਸੁਲਤਾਨਪੁਰ ਲੋਧੀ ਵਿੱਚ ਹੜ੍ਹਾਂ ਦਾ ਸਾਹਮਣਾ ਕਰ ਰਹੇ ਲੋੜਵੰਦ ਲੋਕਾਂ ਦੀ ਸਾਰ ਲਈ ਅਤੇ ਉਨਾਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕੀਤੀ। ਉਨ੍ਹਾਂ ਕਿਹਾ ਕਿ “ਭਾਵੇਂ ਅਸੀਂ ਵਿਦੇਸ਼ ‘ਚ ਰਹਿੰਦੇ ਹਾਂ ਪਰ ਸਾਡਾ ਦਿਲ ਪੰਜਾਬ ‘ਚ ਧੜਕਦਾ ਹੈ”।

ਇਸ ਦੌਰਾਨ ਉਨਾਂ ਨੇ ਗਰਾਊਂਡ ਜ਼ੀਰੋ ਤੇ ਪਹੁੰਚ ਕੇ ਬਿਆਸ ਦਰਿਆ ਦੀ ਮਾਰ ਝੱਲ ਰਹੇ ਲੋਕਾਂ ਦੇ ਮੌਜੂਦਾ ਹਾਲਾਤਾਂ ਦੀ ਜਾਣਕਾਰੀ ਹਾਸਿਲ ਕੀਤੀ ਅਤੇ ਉਨਾਂ ਦਾ ਦਰਦ ਵੰਡਾਉਂਦਿਆਂ ਸਹਾਇਤਾ ਦੇ ਰੂਪ ਵਿੱਚ ਆਰਥਿਕ ਮਦਦ ਕੀਤੀ। ਉਨਾਂ ਨੇ ਹੜ੍ਹਾਂ ਦੌਰਾਨ ਬੇਘਰ ਹੋਏ ਲੋਕਾਂ ਦੇ ਘਰਾਂ ਦੀ ਨਵੇਂ ਸਿਰੇ ਤੋਂ ਉਸਾਰੀ ਦੀ ਸ਼ੁਰੂਆਤ ਕਰਨ ਲਈ 1.25 ਲੱਖ ਰੁਪਏ ਪ੍ਰਤੀ ਘਰ ਆਰਥਿਕ ਸਹਾਇਤਾ ਦਿੱਤੀ ਗਈ। ਉਨਾਂ ਵੱਲੋਂ ਕਰੀਬ 10 ਤੋਂ 11 ਘਰਾਂ ਨੂੰ ਸਹਾਇਤਾ ਰਾਸ਼ੀ ਨਗਦੀ ਦੇ ਰੂਪ ਵਿੱਚ ਪ੍ਰਦਾਨ ਕੀਤੀ ਗਈ।

ਦੁਬਈ ਟਰਾਂਸਪੋਰਟ ਕਮਿਊਨਿਟੀ ਦੇ ਆਗੂ ਬੋਲੇ ਕਿ ਭਾਵੇਂ ਅਸੀਂ ਵਿਦੇਸ਼ ਵਿੱਚ ਰਹਿੰਦੇ ਹੋਈਏ ਪਰ ਸਾਡਾ ਦਿਲ ਪੰਜਾਬ ਵਿੱਚ ਧੜਕਦਾ ਹੈ। ਅਸੀਂ ਪੰਜਾਬ ਦੇ ਹੜਾਂ ਉਸ ਇਲਾਕੇ ਵਿੱਚ ਜਾ ਰਹੇ ਹਾਂ ਜਿੱਥੇ ਹੜਾਂ ਦੀ ਮਾਰ ਪਈ ਹੈ ਅਤੇ ਲੋੜ ਅਨੁਸਾਰ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਹਨਾਂ ਕਿਹਾ ਕਿ ਅੱਜ ਅਸੀਂ ਸੁਲਤਾਨਪੁਰ ਲੋਧੀ ਦੇ ਇਹਨਾਂ ਪਿੰਡਾਂ ਵਿੱਚ ਇੱਕ ਬੂਟਾ ਲਗਾ ਕੇ ਚੱਲੇ ਹਾਂ ਜਿਸ ਨੂੰ ਹੋਰ ਸੰਸਥਾਵਾਂ ਪਾਣੀ ਦੇ ਕੇ ਇਹਨਾਂ ਦੇ ਘਰਾਂ ਨੂੰ ਨੇਪਰੇ ਚਾੜਨ ਤਾਂ ਜੋ ਇਹ ਵੀ ਲੋਕ ਮੁੜ ਤੋਂ ਆਪਣੇ ਆਸ਼ਿਆਨੇ ਵਿੱਚ ਰਹਿਕੇ ਗੁਜਰ ਬਸਰ ਕਰ ਸਕਣ।
ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਗੋਲਡਨ ਐਵੀਨਿਊ ਦੇ ਬਾਹਰ ਫਾ.ਇਰਿੰ.ਗ, ਗੋ.ਲੀ/ਆਂ ਲੱਗਣ ਕਾਰਨ ਇੱਕ ਨੌਜਵਾਨ ਦੀ ਮੌ/ਤ, ਸਾਥੀ ਜ਼ਖਮੀ
ਉਹਨਾਂ ਕਿਹਾ ਕਿ ਇਸ ਇਲਾਕੇ ਨੂੰ ਮਦਦ ਦੀ ਬਹੁਤ ਵੱਡੀ ਲੋੜ ਹੈ। ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਇਸ ਇਲਾਕੇ ਦੀ ਸਾਰ ਲੈ ਕੇ ਇਹਨਾਂ ਦੀ ਜੀਵਨ ਸ਼ੈਲੀ ਨੂੰ ਪਹਿਲਾਂ ਵਾਂਗ ਬਣਾਉਣ ਦੇ ਲਈ ਜਰੂਰੀ ਯਤਨ ਕੀਤੇ ਜਾਣ। ਉਧਰ ਦੂਜੇ ਪਾਸੇ ਮਦਦ ਪ੍ਰਦਾਨ ਕਰਨ ਦੇ ਲਈ ਪ੍ਰਭਾਵਿਤ ਲੋਕਾਂ ਨੇ ਦੁਬਈ ਟਰਾਂਸਪੋਰਟ ਕਮਿਊਨਿਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ ਜਿਨਾਂ ਨੇ ਸੰਕਟ ਦੀ ਘੜੀ ਵਿੱਚ ਉਹਨਾਂ ਦੀ ਬਾਂਹ ਫੜੀ। ਨਾਲ ਹੀ ਪਿੰਡ ਦੀ ਪੰਚਾਇਤ ਵੱਲੋਂ ਵੀ ਸਮੂਹ ਪੰਜਾਬੀ ਭਰਾਵਾਂ ਦਾ ਵਿਸ਼ੇਸ਼ ਸਹਿਯੋਗ ਦੇਣ ਦੇ ਲਈ ਧੰਨਵਾਦ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
























