ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਤਲਵੰਡੀ ਰਾਏ ਦਾਦੂ ਦਾ ਰਹਿਣ ਵਾਲਾ ਮਾਸੂਮ ਅਭਿਜੋਤ ਹਸਪਤਾਲ ਵਿੱਚ ਜ਼ਿੰਦਗੀ ਦੀ ਜੰਗ ਹਾਰ ਗਿਆ। ਮਾਸੂਮ ਕਿਡਨੀ ਦੀ ਬਿਮਾਰੀ ਨਾਲ ਜੂਝ ਰਿਹਾ ਸੀ। ਹਸਪਤਾਲ ਦੇ ਵਿੱਚ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਅਭਿਜੋਤ ਸਾਰੇ ਘਰਾਂ ਵਿੱਚ ਖੁਸ਼ੀਆਂ ਵੰਡਣ ਵਾਲਾ ਬੱਚਾ ਸੀ। ਉਸ ਦੀ ਮਾਸੂਮ ਮੁਸਕਰਾਹਟ ਨੇ ਹਰ ਕਿਸੇ ਦੇ ਦਿਲ ਨੂੰ ਛੂਹਿਆ ਸੀ।
ਦੱਸ ਦਈਏ ਕਿ ਕਿਡਨੀ ਦੀ ਬਿਮਾਰੀ ਨਾਲ ਪੀੜਤ ਇਹ ਬੱਚਾ ਪਿਛਲੇ ਕਈ ਮਹੀਨਿਆਂ ਤੋਂ ਹਸਪਤਾਲਾਂ ਦੇ ਚੱਕਰ ਕੱਟਦਾ ਰਿਹਾ, ਪਰ ਹੜ੍ਹ ਦੌਰਾਨ ਪਿੰਡ ਵਿੱਚ ਪਾਣੀ ਆ ਜਾਣ ਕਰਕੇ ਉਹ ਇਲਾਜ ਕਰਵਾਉਣ ਤੋਂ ਵਾਂਝਾ ਰਹਿ ਗਿਆ। ਪਾਣੀ ਵਿਚ ਘਿਰਿਆ ਪਰਿਵਾਰ ਬੇਬਸ ਨਿਗਾਹਾਂ ਨਾਲ ਆਪਣੇ ਲਾਲ ਨੂੰ ਵੇਖਦਾ ਰਿਹਾ। ਜਦੋਂ ਇਹ ਖ਼ਬਰ ਸਰਕਾਰ ਤੱਕ ਪਹੁੰਚੀ, ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਅਭਿਜੋਤ ਦੇ ਇਲਾਜ ਦੀ ਜ਼ਿੰਮੇਵਾਰੀ ਚੁੱਕੀ।
ਪੰਜਾਬ ਸਰਕਾਰ,ਖਾਲਸਾ ਏਡ, ਸੋਨੂ ਸੂਦ ਵੱਲੋਂ ਰੈਸਕਿਉ ਟੀਮਾਂ ਨੇ ਉਸ ਨੂੰ ਘਰ ਤੋਂ ਬਾਹਰ ਕੱਢ ਕੇ ਚੰਡੀਗੜ੍ਹ ਪੀ.ਜੀ.ਆਈ ਪਹੁੰਚਾਇਆ। ਡਾਕਟਰਾਂ ਦੀ ਟੀਮ ਨੇ ਉਸ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਅਭਿਜੋਤ ਦੀ ਨਾਜੁਕ ਹਾਲਤ ਨੇ ਆਖ਼ਿਰਕਾਰ ਉਸ ਨੂੰ ਜੀਵਨ ਦੀ ਲੜਾਈ ਹਾਰਣ ’ਤੇ ਮਜਬੂਰ ਕਰ ਦਿੱਤਾ। ਪਰਿਵਾਰ ਵਿੱਚ ਮਾਤਮ ਪਸਰ ਗਿਆ ਹੈ। ਮਾਂ ਤੇ ਦਾਦੀ ਦਾ ਰੋ-ਰੋ ਕੇ ਬੁਰਾ ਹਾਲ ਹੈ। ਦਾਦੀ, ਜੋ ਉਸ ਨੂੰ ਹਰ ਹਸਪਤਾਲ ਲੈ ਕੇ ਗਈ, ਅੱਜ ਵੀ ਰੋਦਿਆਂ ਕਹਿ ਰਹੀ ਹੈ ਕਿ “ਮੇਰਾ ਅਭਿਜੋਤ ਹਰ ਵਾਰ ਘਰ ਜਾਣ ਦੀ ਜ਼ਿਦ ਕਰਦਾ ਸੀ, ਪਰ ਹੁਣ ਉਹ ਸਦਾ ਲਈ ਘਰ ਆ ਗਿਆ… ਚੁੱਪਚਾਪ।”
ਇਹ ਵੀ ਪੜ੍ਹੋ : ਕਪੂਰਥਲਾ : ਗੱਦਿਆਂ ਵਾਲੀ ਫੈਕਟਰੀ ‘ਚ ਲੱਗੀ ਭਿ.ਆ.ਨ/ਕ ਅੱ/ਗ, ਅਸਮਾਨ ‘ਚ ਉੱਠਿਆ ਕਾਲੇ ਧੂੰਏ ਦਾ ਗੁਬਾਰ
ਸਮਾਜ ਸੇਵੀ ਅਤੇ ਫਿਲਮੀ ਅਦਾਕਾਰ ਸੋਨੂ ਸੂਦ ਨੇ ਵੀ ਇਸ ਪਰਿਵਾਰ ਪ੍ਰਤੀ ਦੁੱਖ ਪ੍ਰਗਟ ਕੀਤਾ ਤੇ ਬੱਚੇ ਨੂੰ ਆਪਣੀ ਸ਼ਰਧਾਂਜਲੀ ਦਿੱਤੀ। ਅਦਾਕਾਰ ਸੋਨੂ ਸੂਦ ਨੇ ਮਾਸੂਮ ਦੀ ਮੌਤ ‘ਤੇ ਦੁੱਖ ਪ੍ਰਗਟਾਵਾ ਕੀਤਾ ਹੈ। ਅਦਾਕਾਰ ਨੇ ਸੋਸ਼ਲ ਮੀਡੀਆ ‘ਤੇ ਭਾਵੁਕ ਪੋਸਟ ਸਾਂਝੀ ਕਰਕੇ ਲਿਖਿਆ ਕਿ “ਅਸੀਂ ਤੈਨੂੰ ਯਾਦ ਕਰਾਂਗੇ ਅਭਿਜੋਤ ਅਸੀਂ ਤੇਰੇ ਮਾਪਿਆਂ ਦਾ ਧਿਆਨ ਰੱਖਾਂਗੇ”।
ਵੀਡੀਓ ਲਈ ਕਲਿੱਕ ਕਰੋ -:
























