ਪੰਜਾਬ ਪੁਲਿਸ ਦੇ ਅੰਮ੍ਰਿਤਸਰ ਕਾਊਂਟਰ ਇੰਟੈਲੀਜੈਂਸ ਟੀਮ ਨੇ ਪਾਕਿਸਤਾਨ ਨਾਲ ਜੁੜੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਨੂੰ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਮਹੇਸ਼ ਉਰਫ ਆਸ਼ੂ ਮਸੀਹ, ਅੰਗਰੇਜ਼ ਸਿੰਘ ਤੇ ਅਰਸ਼ਦੀਪ ਸਿੰਘ ਵਜੋਂ ਹੋਈ ਹੈ। ਇਹ ਤਿੰਨੋਂ ਜ਼ਿਲ੍ਹਾ ਤਰਨਤਾਰਨ ਦੇ ਰਹਿਣ ਵਾਲੇ ਹਨ ਜੋ ਸਰਹੱਦ ਪਾਰ ਤੋਂ ਹਥਿਆਰ ਮੰਗਵਾਉਣ ਦਾ ਕੰਮ ਕਰ ਰਹੇ ਸਨ।
ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਕੁੱਲ 8 ਪਿਸਤੌਲਾਂ ਬਰਾਮਦ ਕੀਤੀਆਂ। ਇਨ੍ਹਾਂ ਵਿਚੋਂ 3 ਪਿਸਤੌਲਾਂ 9mm ਬੋਰ ਦੀਆਂ ਤੇ 5 ਪਿਸਤੌਲਾਂ 30 ਬੋਰ ਦੀਆਂ ਸ਼ਾਮਲ ਹਨ।ਨਾਲ ਹੀ ਮੈਗਜ਼ੀਨ ਵੀ ਜ਼ਬਤ ਕੀਤੇ ਗਏ ਹਨ। ਜਾਂਚ ਵਿਚ ਖੁਲਾਸਾ ਹੋਇਆ ਹੈ ਕਿ ਗ੍ਰਿਫਤਾਰ ਮੁਲਜ਼ਮ ਪਾਕਿਸਤਾਨ ਸਥਿਤ ਇਕ ਹਥਿਆਰ ਤਸਕਰ ਦੇ ਸੰਪਰਕ ਵਿਚ ਸੀ।
ਮੁਲਜ਼ਮਾਂ ਦੀ ਮੰਗ ‘ਤੇ ਪਾਕਿਸਤਾਨ ਤਸਕਰ ਹਥਿਆਰਾਂ ਦੀ ਖੇਪ ਭੇਜਦਾ ਸੀ। ਇਹ ਖੇਪ ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਪਿੰਡ ਮਾਰੀ ਕੰਬੋ ਦੇ ਇਲਾਕੇ ਤੋਂ ਭਾਰਤ ਵਿਚ ਲਿਆਂਦੀ ਜਾਂਦੀ ਸੀ। ਮਹੇਸ਼ ਉਰਫ ਆਸ਼ੂ ਮਸੀਹ ਤੇ ਅੰਗਰੇਜ਼ ਸਿੰਘ ਪਹਿਲਾਂ ਤੋਂ ਹੀ ਥਾਣਾ ਐੱਸਐੱਸਓਸੀ ਅੰਮ੍ਰਿਤਸਰ ਵਿਚ ਦਰਜ ਆਰਮਸ ਐਕਟ ਦੇ ਮਾਮਲਿਆਂ ਵਿਚ ਲੋੜੀਂਦੇ ਸੀ। ਇਨ੍ਹਾਂ ਪੁਰਾਣੇ ਮਾਮਲਿਆਂ ਵਿਚ ਪੁਲਿਸ ਨੇ 5 ਪਿਸਤੌਲਾਂ ਪਹਿਲਾਂ ਹੀ ਬਰਾਮਦ ਕਰ ਲਈਆਂ ਸਨ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਇਤਿਹਾਸਕ ਹਾਸਲ, ‘ਨਵੀਂ ਪੰਜਾਬ ਰਾਜ ਮਾਨਸਿਕ ਸਿਹਤ ਨੀਤੀ’ ਦੀ ਕੀਤੀ ਸ਼ੁਰੂਆਤ
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਸੂਬੇ ਵਿਚ ਸਰਹੱਦ ਪਾਰ ਤੋਂ ਚੱਲ ਰਹੇ ਹਥਿਆਰਾਂ ਦੀ ਤਸਕਰੀ ਤੇ ਅੱਤਵਾਦੀ ਗਤੀਵਿਧੀਆਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਵਚਨਬੱਧ ਹੈ। ਕਾਊਂਟਰ ਇੰਟੈਲੀਜੈਂਸ ਦੀ ਟੀਮ ਹੁਣ ਇਸ ਪੂਰੇ ਨੈਟਵਰਕ ਦਾ ਪਤਾ ਲਗਾਉਣ ਵਿਚ ਲੱਗੀ ਹੈ ਤਾਂ ਕਿ ਪਾਕਿਸਤਾਨ ਵਿਚ ਚੱਲ ਰਹੇ ਇਸ ਹਥਿਆਰਾਂ ਦੀ ਤਸਕਰੀ ਦੇ ਗਿਰੋਹ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -:

























