ਬਾਊਪੁਰ ਮੰਡ ਇਲਾਕੇ ਵਿੱਚ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਕਿਸਾਨਾਂ ਦੇ ਖੇਤ ਪੱਧਰੇ ਕਰਨ ਦੇ ਕੀਤੇ ਜਾ ਰਹੇ ਕਾਰਜਾਂ ਲਈ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਸੰਗਤਾਂ ਵੱਲੋਂ ਮੱਦਦ ਭੇਜੀ ਜਾ ਰਹੀ ਹੈ। ਹੈਰਾਨੀ ਉਦੋਂ ਹੋਈ ਜਦੋਂ ਦੋ ਨੌਜਵਾਨ 550 ਕਿਲੋਮੀਟਰ ਦਾ ਲੰਮਾ ਸਫ਼ਰ ਮੋਟਰਸਾਈਕਲ ‘ਤੇ ਤੈਅ ਕਰਕੇ ਸੁਲਤਾਨਪੁਰ ਲੋਧੀ ਨਿਰਮਲ ਕੁਟੀਆ ਪਹੁੰਚੇ। ਉਨ੍ਹਾਂ ਦੱਸਿਆ ਕਿ ਬਾਊਪੁਰ ਇਲਾਕੇ ਵਿੱਚ ਆਏ ਹੜ੍ਹਾਂ ਨਾਲ ਕਿਸਾਨਾਂ ਦੇ ਖੇਤਾਂ ਵਿੱਚ ਆਈ ਗਾਰ ਤੇ ਰੇਤਾ ਨੂੰ ਕੱਢਣ ਲਈ ਸੰਤ ਸੀਚੇਵਾਲ ਜੀ ਟ੍ਰੈਕਟਰਾਂ ਨਾਲ ਸੇਵਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਹੜ੍ਹ ਪੀੜਤਾਂ ਦੇ ਖੇਤ ਪੱਧਰ ਕਰਨ ਲਈ ਲੱਗੇ ਟ੍ਰੈਕਟਰਾਂ ਵਾਸਤੇ 1 ਲੱਖ 46 ਹਜ਼ਾਰ ਦੀ ਨਕਦੀ ਡੀਜ਼ਲ ਵਾਸਤੇ ਸੌਂਪੀ।
ਇਹ ਨਕਦੀ ਲੈਕੇ ਆਏ ਸ਼ੁਭਮ ਅਤੇ ਸ਼ੁਸ਼ੀਲ ਨੇ ਦੱਸਿਆ ਕਿ ਫਰੀਦਪੁਰ, ਪੱਟੀ ਅਤੇ ਚੱਕ ਮੱਦੀ ਪੁਰ ਦੇ ਪਿੰਡਾਂ ਵੱਲੋਂ ਸਾਂਝੇ ਤੌਰ ‘ਤੇ ਇਹ ਪੈਸੇ ਇੱਕਠੇ ਕੀਤੇ ਗਏ ਸਨ ਤਾਂ ਜੋ ਕਿਸਾਨਾਂ ਦੇ ਖੇਤਾਂ ਨੂੰ ਪੱਧਰਾ ਕੀਤਾ ਜਾ ਸਕੇ। ਸ਼ੁਭਮ ਨੇ ਦੱਸਿਆ ਕਿ ਜਿੱਥੇ ਉਨ੍ਹਾਂ ਨੇ ਸ਼ੋਸ਼ਲ ਮੀਡੀਆ ਰਾਹੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਰਾਜ ਸਭਾ ਦੇ ਮੈਂਬਰ ਹੁੰਦਿਆ ਜਦੋਂ ਟ੍ਰੈਕਟਰ ਚਲਾਉਂਦੇ ਦੇਖਿਆ ਤਾਂ ਉਨ੍ਹਾਂ ਦਾ ਸਾਰਾ ਪਿੰਡ ਹੈਰਾਨ ਰਹਿ ਗਿਆ ਕਿ ਇੱਕ ਐਮਪੀ ਬਿਨ੍ਹਾਂ ਸ਼ੋਰ ਸ਼ਰਾਬੇ ਦੇ ਅਸਲ ਵਿੱਚ ਕਿਸਾਨਾਂ ਦੀ ਮਦਦ ਚੁੱਪਚਾਪ ਕਰ ਰਿਹਾ ਹੈ ਤਾਂ ਨਾਲ ਲੱਗਦੇ ਦੋ ਪਿੰਡਾਂ ਨੇ ਫੈਸਲਾ ਕੀਤਾ ਕਿ ਉਹ ਸੰਤ ਸੀਚੇਵਾਲ ਤੱਕ ਪਹੁੰਚ ਕਰਨਗੇ ਤਾਂ ਬਾਊਪੁਰ ਮੰਡ ਇਲਾਕੇ ਵਿੱਚ ਲੱਗੇ ਟ੍ਰੈਕਟਰਾਂ ਵਿੱਚ ਡੀਜ਼ਲ ਪਾਇਆ ਜਾ ਸਕੇ।
ਇਹ ਵੀ ਪੜ੍ਹੋ : ‘ਆਪ’ ਸਾਂਸਦ ਮਲਵਿੰਦਰ ਕੰਗ ਨੇ ਕਿਸਾਨਾਂ ਨਾਲ ਸੰਬੰਧਿਤ ਮਸਲੇ ਨੂੰ ਲੈਕੇ ਕੇਂਦਰ ਸਰਕਾਰ ਨੂੰ ਲਿਖਿਆ ਪੱਤਰ
ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵੱਲੋਂ ਏਨਾ ਲੰਮਾ ਪੈਂਡਾ ਤੈਅ ਕਰਕੇ ਆਏ ਇੰਨ੍ਹਾਂ ਦੋਵੇਂ ਨੌਜਵਾਨਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਦਾ ਧੰਨਵਾਦ ਕੀਤਾ ਗਿਆ ਕਿ ਉਹ ਸੱਚੇ ਦਿਲੋਂ ਹੜ੍ਹ ਪੀੜ੍ਹਤ ਇਲਾਕੇ ਵਿੱਚ ਚੱਲ ਰਹੀ ਸੇਵਾ ਵਿੱਚ ਹਿੱਸਾ ਪਾਉਣ ਲਈ ਆਏ ਹਨ। ਇਸ ਤੋਂ ਪਹਿਲਾਂ ਵੀ ਰਾਜਸਥਾਨ ਅਤੇ ਹਰਿਆਣਾ ਸੂਬਿਆਂ ਦੇ ਲੋਕਾਂ ਵੱਲੋਂ ਵੀ ਸੰਤ ਸੀਚੇਵਾਲ ਤੱਕ ਪਹੁੰਚ ਕਰਕੇ ਹੜ੍ਹ ਪੀੜਤ ਇਲਾਕਿਆ ਲਈ ਮਦਦ ਭੇਜ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -:
























