ਸਮਰਾਲਾ ਦੇ ਨਜ਼ਦੀਕੀ ਪਿੰਡ ਮਾਣਕੀ ਵਿਖੇ ਦੇਰ ਰਾਤ ਕਰੀਬ 9:30 ਵਜੇ ਮੈਡੀਕਲ ਸਟੋਰ ਦੇ ਬਾਹਰ ਬੈਠੇ ਤਿੰਨ ਨੌਜਵਾਨਾਂ ਉੱਪਰ ਚਾਰ ਅਣਪਛਾਤੇ ਮੂੰਹ ਢੱਕ ਕੇ ਆਏ ਹਮਲਾਵਰਾਂ ਵੱਲੋਂ ਫਾਇਰਿੰਗ ਕੀਤੀ ਗਈ। ਗੋਲੀਬਾਰੀ ਵਿੱਚ ਦੋ ਨੌਜਵਾਨਾਂ ਦੇ ਢਿੱਡ ਵਿੱਚ ਗੋਲੀਆਂ ਵੱਜੀਆਂ। ਇੱਕ ਨੌਜਵਾਨ ਹਮਲੇ ਵਿੱਚ ਵਾਲ-ਵਾਲ ਬਚਿਆ। ਘਟਨਾ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ ਗਈ ਅਤੇ ਸਮਰਾਲਾ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ।
ਐੱਸ.ਪੀ (ਡੀ) ਖੰਨਾ ਪਵਨਜੀਤ ਨੇ ਦੱਸਿਆ ਕਿ ਪਿੰਡ ਮਾਣਕੀ ਵਿਖੇ ਤਿੰਨ ਨੌਜਵਾਨ ਪਿੰਡ ਦੇ ਸੂਏ ਦੀ ਪੁਲੀ ਉੱਪਰ ਖੜੇ ਗੱਲਾਂ ਕਰ ਰਹੇ ਸਨ ਤਾਂ ਚਾਰ ਅਣਪਛਾਤੇ ਲੁਟੇਰੇ ਮੂੰਹ ਢੱਕ ਕੇ ਆਉਂਦੇ ਹਨ ਅਤੇ ਇਹਨਾਂ ਨੌਜਵਾਨਾਂ ਉੱਪਰ ਗੋਲੀਆਂ ਚਲਾ ਦਿੰਦੇ ਹਨ। ਜਿਨਾਂ ਵਿੱਚ ਦੋ ਨੌਜਵਾਨਾਂ ਦੇ ਢਿੱਡ ਵਿੱਚ ਗੋਲੀ ਲੱਗੀ ਅਤੇ ਇੱਕ ਨੌਜਵਾਨ ਇਸ ਹਮਲੇ ਵਿੱਚ ਬਚ ਗਿਆ। ਗੋਲੀਆਂ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਦੋਨੇ ਨੌਜਵਾਨਾਂ ਨੂੰ ਤੁਰੰਤ ਸਮਰਾਲਾ ਦੇ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਵੱਲੋਂ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਕੈਲੀਫੋਰਨੀਆ ਹਾ.ਦਸਾ ਮਾਮਲਾ: ਨ/ਸ਼ੇ ‘ਚ ਨਹੀਂ ਸੀ ਟਰਾਲਾ ਡ੍ਰਾਈਵਰ, ਮੁਲਜ਼ਮ ਜਸ਼ਨਪ੍ਰੀਤ ਦੀ ਰਿਪੋਰਟ ਆਈ ਨੈਗੇਟਿਵ
ਜ਼ਖਮੀਆਂ ਵਿੱਚੋਂ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਗੁਰਿੰਦਰ ਸਿੰਘ ਪੁੱਤਰ ਰਜਿੰਦਰ ਸਿੰਘ ਉਮਰ 23 ਸਾਲ ਪਿੰਡ ਮਾਣਕੀ ਅਤੇ ਜ਼ਖਮੀ ਨੌਜਵਾਨ ਦੀ ਪਛਾਣ ਧਰਮਵੀਰ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਮਾਣਕੀ ਅਤੇ ਹਮਲੇ ਵਿੱਚ ਵਾਲ-ਵਾਲ ਬਚੇ ਨੌਜਵਾਨ ਦੀ ਪਛਾਣ ਲਵਪ੍ਰੀਤ ਸਿੰਘ ਲੱਭੂ ਵਜੋਂ ਹੋਈ ਹੈ। ਐੱਸ.ਪੀ (ਡੀ) ਖੰਨਾ ਨੇ ਕਿਹਾ ਕਿ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ ਜਲਦ ਹੀ ਹਮਲਾਵਰ ਪੁਲਿਸ ਦੀ ਹਿਰਾਸਤ ਵਿੱਚ ਹੋਣਗੇ। ਇਸ ਮੌਕੇ ਉਹਨਾਂ ਦੇ ਨਾਲ ਡੀ.ਐੱਸ.ਪੀ (ਡੀ) ਮੋਹਿਤ ਕੁਮਾਰ ਸਿੰਗਲਾ ਅਤੇ ਡੀ.ਐੱਸ.ਪੀ ਸਮਰਾਲਾ ਕਰਮਜੀਤ ਸਿੰਘ ਗਰੇਵਾਲ ਵੀ ਮੌਜੂਦ ਹਨ।
ਵੀਡੀਓ ਲਈ ਕਲਿੱਕ ਕਰੋ -:
























