ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੁਖਾਂਵਾਲਾ ਵਿੱਚ ਪ੍ਰੇਮ ਸਬੰਧਾਂ ਕਾਰਨ ਗੁਰਵਿੰਦਰ ਸਿੰਘ ਨਾਮਕ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਦੀ ਪਤਨੀ ਅਤੇ ਉਸਦੇ ਪ੍ਰੇਮੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਮਾਮਲੇ ਦੇ ਤੀਜੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
SSP ਪ੍ਰਗਿਆ ਜੈਨ ਨੇ ਦੱਸਿਆ ਕਿ ਵਾਰਦਾਤ ‘ਚ ਸ਼ਾਮਿਲ ਸਾਰੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਗੁਰਵਿੰਦਰ ਦੀ ਪਤਨੀ ਨੇ ਪੁਲਿਸ ਪੁੱਛਗਿੱਛ ਦੌਰਾਨ ਆਪਣਾ ਜ਼ੁਰਮ ਕਬੂਲ ਲਿਆ ਹੈ। ਪੋਸਟਮਾਰਟਮ ਰਿਪੋਰਟ ਤੋਂ ਬਾਅਦ ਮੌਤ ਦੇ ਸਹੀ ਕਾਰਨਾਂ ਦਾ ਖੁਲਾਸਾ ਹੋਵੇਗਾ। ਉਨ੍ਹਾਂ ਕਿਹਾ ਕਿ ਵਾਰਦਾਤ ਮਗਰੋਂ ਮੁਲਜ਼ਮ ਨੂੰ ਭਜਾਉਣ ਲਈ ਵਰਤੀ ਗਈ ਗੱਡੀ ਵੀ ਰਿਕਵਰ ਕਰ ਲਈ ਗਈ ਹੈ। ਘਟਨਾ ਨੂੰ ਚੋਰੀ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਲਈ ਮੁਲਜਮ ਘਰੋਂ ਕੁਝ ਗਹਿਣੇ ਲੈ ਗਿਆ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ ਗਹਿਣਿਆਂ ਨੂੰ ਬਰਾਮਦ ਕੀਤਾ ਜਾਵੇਗਾ।

ਤੀਜੇ ਮੁਲਜ਼ਮ ਦੀ ਪਛਾਣ ਵਿਸ਼ਵਜੀਤ ਸਿੰਘ ਵਜੋਂ ਹੋਈ ਹੈ, ਜੋ ਕਿ ਡੱਬਵਾਲੀ, ਸਿਰਸਾ (ਹਰਿਆਣਾ) ਦਾ ਰਹਿਣ ਵਾਲਾ ਹੈ ਅਤੇ ਮੁੱਖ ਮੁਲਜ਼ਮ ਹਰਕਮਲਪ੍ਰੀਤ ਸਿੰਘ ਦਾ ਕਰੀਬੀ ਦੋਸਤ ਹੈ। ਉਹ ਘਟਨਾ ਵਾਲੀ ਰਾਤ ਹਰਕਮਲਪ੍ਰੀਤ ਸਿੰਘ ਦੇ ਨਾਲ ਇੱਕ ਕਾਰ ਵਿੱਚ ਗਿਆ ਸੀ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਘਟਨਾ ਵਾਲੀ ਰਾਤ ਦੋਵਾਂ ਵੱਲੋਂ ਵਰਤੀ ਗਈ ਕਾਰ ਵੀ ਬਰਾਮਦ ਕਰ ਲਈ ਹੈ।

ਇਸ ਤੋਂ ਪਹਿਲਾਂ ਪੁਲਿਸ ਨੇ ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਨੂੰ 29 ਨਵੰਬਰ ਨੂੰ ਗ੍ਰਿਫ਼ਤਾਰ ਕੀਤਾ ਸੀ, ਜਦੋਂ ਕਿ ਉਸਦੇ ਪ੍ਰੇਮੀ ਹਰਕਮਲਪ੍ਰੀਤ ਸਿੰਘ ਨੇ 2 ਦਸੰਬਰ ਨੂੰ ਅਦਾਲਤ ਵਿੱਚ ਸਰੈਂਡਰ ਕਰ ਦਿੱਤਾ ਸੀ। ਬਾਅਦ ਵਿੱਚ ਪੁਲਿਸ ਨੇ ਉਸ ਦਾ ਰਿਮਾਂਡ ਹਾਸਲ ਕਰ ਲਿਆ। ਪੁਲਿਸ ਕਤਲ ਦੇ ਉਦੇਸ਼ ਨੂੰ ਸਥਾਪਤ ਕਰਨ ਅਤੇ ਘਟਨਾਵਾਂ ਦੇ ਕ੍ਰਮ ਨੂੰ ਜੋੜਨ ਲਈ ਦੋਵਾਂ ਵਿਅਕਤੀਆਂ ਤੋਂ ਆਹਮੋ-ਸਾਹਮਣੇ ਪੁੱਛਗਿੱਛ ਕਰ ਰਹੀ ਹੈ।
ਇਹ ਵੀ ਪੜ੍ਹੋ : ‘ਕਲਾਕਾਰ ਦੇ ਮਰਨ ਤੋਂ ਬਾਅਦ ਕਸੀਦੇ ਪੜ੍ਹਦੇ ਨੇ…’, ਦਿਲਜੀਤ ਦੋਸਾਂਝ ਦਾ ਝਲਕਿਆ ਦਰਦ
ਪੁਲਿਸ ਮੁਤਾਬਕ ਹਰਕਮਲਪ੍ਰੀਤ 2018-19 ਵਿੱਚ ਕੈਨੇਡਾ ਤੋਂ ਵਾਪਸ ਆਇਆ ਸੀ, ਜਦੋਂ ਕਿ ਰੁਪਿੰਦਰ ਕੌਰ ਇਸ ਸਾਲ ਜਨਵਰੀ ਵਿੱਚ ਕੈਨੇਡਾ ਤੋਂ ਭਾਰਤ ਆਈ ਸੀ। ਦੋਵੇਂ ਸੋਸ਼ਲ ਮੀਡੀਆ ਰਾਹੀਂ ਦੋਸਤ ਬਣੇ ਅਤੇ ਇਹ ਰਿਸ਼ਤਾ ਬਾਅਦ ਵਿੱਚ ਇੱਕ ਪ੍ਰੇਮ ਸਬੰਧਾਂ ਵਿੱਚ ਬਦਲ ਗਿਆ। ਫਇਰ ਉਨ੍ਹਾਂ ਨੇ ਗੁਰਵਿੰਦਰ ਸਿੰਘ ਦੇ ਕਤਲ ਦੀ ਸਾਜ਼ਿਸ਼ ਰਚੀ। ਘਟਨਾ ਵਾਲੀ ਰਾਤ, ਰੁਪਿੰਦਰ ਨੇ ਹਰਕਮਲਪ੍ਰੀਤ ਨੂੰ ਆਪਣੇ ਘਰ ਬੁਲਾਇਆ, ਜਿੱਥੇ ਉਨ੍ਹਾਂ ਨੇ ਇਸ ਅਪਰਾਧ ਨੂੰ ਅੰਜਾਮ ਦਿੱਤਾ। ਤੀਜੇ ਦੋਸ਼ੀ, ਵਿਸ਼ਵਜੀਤ ਦੀ ਗ੍ਰਿਫਤਾਰੀ ਤੋਂ ਬਾਅਦ, ਪੁਲਿਸ ਉਸਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਪੁਲਿਸ ਮੁਤਾਬਕ ਜੇਕਰ ਕਿਸੇ ਹੋਰ ਦੀ ਸ਼ਮੂਲੀਅਤ ਦਾ ਖੁਲਾਸਾ ਹੁੰਦਾ ਹੈ, ਤਾਂ ਉਨ੍ਹਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:

























