6 more corona : ਚੰਡੀਗੜ੍ਹ ਵਿਖੇ ਬਾਪੂਧਾਮ ਕਾਲੋਨੀ ਜਿਹੜਾ ਕੋਰੋਨਾ ਪਾਜੀਟਿਵ ਕੇਸਾਂ ਦਾ ਗੜ੍ਹ ਬਣਦਾ ਜਾ ਰਿਹਾ ਹੈ, ਵਿਖੇ ਅੱਜ ਸ਼ਨੀਵਾਰ ਸਵੇਰੇ 6 ਹੋਰ ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿਚ 21 ਸਾਲਾ, 34 ਸਾਲਾ, 40 ਸਾਲਾ, 49 ਸਾਲਾ ਅਤੇ 14 ਸਾਲਾ ਲੋਕ ਸ਼ਾਮਲ ਹਨ। ਇਸ ਤਰ੍ਹਾਂ ਚੰਡੀਗੜ੍ਹ ਵਿਚ ਕੋਰੋਨਾ ਪਾਜੀਟਿਵ ਮਰੀਜਾਂ ਦੀ ਗਿਣਤੀ ਕੁੱਲ 94 ਹੋ ਗਈ ਹੈ ਤੇ ਇਕੱਲੇ ਬਾਪੂਧਾਮ ਕਾਲੋਨੀ ਵਿਚ ਇਨ੍ਹਾਂ ਦੀ ਗਿਣਤੀ 43 ਹੈ। ਕੋਰੋਨਾ ਪਾਜੀਟਿਵ ਮਰੀਜਾਂ ਦੀ ਗਿਣਤੀ ਵਧਣ ਨਾਲ ਮਾਹੌਲ ਖੌਫ ਵਾਲਾ ਬਣਿਆ ਹੋਇਆ ਹੈ।
ਚੰਡੀਗੜ੍ਹ ਵਿਚ ਕੋਰੋਨਾ ਪਾਜੀਟਿਵ ਮਰੀਜਾਂ ਦੀ ਗਿਣਤੀ ਵਧਦੇ ਦੇਖ ਕੇ ਸਿਹਤ ਵਿਭਾਗ ਡਾਕਟਰਾਂ ਤੇ ਮੈਡੀਕਲ ਸਟਾਫ ਦੇ ਕਰਮਚਾਰੀਆਂ ਦੀ ਸਿਹਤ ਲਈ ਚਿੰਤਤ ਹੈ ਕਿਉਂਕਿ ਉਹ ਲਗਾਤਾਰ ਇਸ ਵਾਇਰਸ ਦੀ ਲਪੇਟ ਵਿਚ ਆ ਰਹੇ ਹਨ। ਇਸੇ ਅਧੀਨ ਸਿਹਤ ਵਿਭਾਗ ਵਲੋਂ ਫੈਸਲਾ ਕੀਤਾ ਗਿਆ ਹੈ ਕਿ PGI ਵਿਚ ਆਉਣ ਵਾਲੇ ਹਰ ਮਰੀਜ਼ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ ਤੇ ਹਰ ਤਰ੍ਹਾਂ ਦੀ ਅਹਿਤਿਆਤ ਵਰਤੀ ਜਾਵੇਗੀ ਤਾਂ ਜੋ ਇਸ ਦੇ ਹੋਣ ਵਾਲੇ ਇੰਫੈਕਸ਼ਨ ਨੂੰ ਰੋਕਿਆ ਜਾ ਸਕੇ। ਇਸੇ ਲਈ ਪੀ. ਜੀ. ਆਈ. ਵਿਚ ਦੋ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜੋ ਸਰਜੀਕਲ ਤੇ ਮੈਡੀਸਨ ਦੋ ਹਿੱਸਿਆਂ ਵਿਚ ਹੋਵੇਗਾ। ਸਰਜੀਕਲ ਕਮੇਟੀ ਦੇ ਚੇਅਰਪਰਸਨ ਡੀਨ ਰਿਸਰਚ ਡਾ. ਗੁਰਪ੍ਰੀਤ ਸਿੰਘ ਤੇ ਮੈਡੀਕਲ ਕਮੇਟੀ ਤੋਂ ਗੇਸਟ੍ਰੋ ਦੇ ਹੈੱਡ ਡਾ. ਰਾਕੇਸ਼ ਕੋਚਰ ਨੇ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਵੱਖ-ਵੱਖ ਨਿਰਦੇਸ਼ ਜਾਰੀ ਕੀਤੇ ਹਨ ਤਾਂ ਜੋ ਉਨ੍ਹਾਂ ਦੀ ਸਿਹਤਯਾਬੀ ਦਾ ਪੂਰੀ ਤਰ੍ਹਾਂ ਧਿਆਨ ਰੱਖਿਆ ਜਾ ਸਕੇ।
ਇਸੇ ਤਰ੍ਹਾਂ ਮੋਹਾਲੀ ਦੇ ਪਿੰਡ ਜਵਾਹਰਪੁਰ ‘ਚ 2 ਹੋਰ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਦੋਵਾਂ ਨੂੰ ਇਲਾਜ ਲਈ ਆਈਸੋਲਸ਼ਨ ਵਾਰਡ ‘ਚ ਭੇਜ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਸੰਪਰਕ ‘ਚ ਆਏ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਕੁਆਰੰਟੀਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਸੈਂਪਲ ਲਏ ਜਾ ਰਹੇ ਹਨ। ਇਹ 2 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਜ਼ਿਲ੍ਹੇ ‘ਚ ਪਾਜ਼ੀਟਿਵ ਮਰੀਜ਼ਾਂ ਦੀ ਕੁੱਲ ਗਿਣਤੀ 94 ਹੋ ਗਈ ਹੈ ਜਦੋਂ ਕਿ ਇਨ੍ਹਾਂ ‘ਚ ਨਾਂਦੇੜ ਸਾਹਿਬ ਤੋਂ ਆਏ 19 ਪਾਜ਼ੀਟਿਵ ਮਰੀਜ਼ ਵੀ ਸ਼ਾਮਿਲ ਹਨ। ਜ਼ਿਲ੍ਹੇ ‘ਚ ਹੁਣ ਤੱਕ 30 ਮਰੀਜ਼ ਠੀਕ ਵੀ ਹੋ ਚੁੱਕੇ ਹਨ।