Murder case against : ਜਲੰਧਰ ਵਿਖੇ ਅੱਜ ਸਵੇਰੇ ਇਕ ਨੌਜਵਾਨ ਵਲੋਂ ਪੁਲਿਸ ‘ਤੇ ਕਾਰ ਚੜ੍ਹਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਜਲੰਧਰ ਦੇ ਮਾਡਲ ਟਾਊਨ ਇਲਾਕੇ ਦਾ ਰਹਿਣ ਵਾਲਾ ਹੈ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਨੌਜਵਾਨ ਨੂੰ ਨਾਕੇ ‘ਤੇ ਰੋਕਣ ਲਈ ਕਿਹਾ ਗਿਆ ਪਰ ਉਸ ਨੇ ਰੁਕਣ ਦੀ ਬਜਾਏ ਆਰਟੀਗੋ ਕਾਰ ਪੁਲਿਸ ਵਾਲੇ ‘ਤੇ ਚੜ੍ਹਾ ਦਿੱਤੀ। ਉਹ ਕਾਫੀ ਦੇਰ ASI ਮੁਲਖ ਰਾਜ ਨੂੰ ਘੜੀਸਦਾ ਚਲਾ ਗਿਆ। ਬਾਅਦ ‘ਚ ਬਹੁਤ ਮੁਸ਼ਕਲ ਨਾਲ ਉਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ।
ਉਕਤ ਨੌਜਵਾਨ ਦੀ ਪਛਾਣ ਅਨਮੋਲ ਮਹਿਮੀ ਪੁੱਤਰ ਪਰਮਿੰਦਰ ਸਿੰਘ ਦੇ ਤੌਰ ‘ਤੇ ਹੋਈ ਹੈ। ਉਸ ਸਮੇਂ ਡਿਊਟੀ ‘ਤੇ ਸਬ-ਇੰਸਪੈਕਟਰ ਮੁਲਖ ਰਾਜ ਤਾਇਨਾਤ ਸਨ। ਜਦੋਂ ਉਨ੍ਹਾਂ ਨੇ ਨੌਜਵਾਨ ਨੂੰ ਕਾਰ ਰੋਕਣ ਨੂੰ ਕਿਹਾ ਤਾਂ ਉਸ ਨੇ ਨਾਕਾ ਤੋੜ ਕੇ ਕਾਰ ਪੁਲਿਸ ਵਾਲੇ ‘ਤੇ ਚੜ੍ਹਾ ਦਿੱਤੀ ਤੇ ਉਸ ਨੂੰ ਘੜੀਸਦਾ ਹੋਇਆ ਕਾਫੀ ਅੱਗੇ ਲੈ ਗਿਆ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਅਜਿਹੀਆਂ ਹਰਕਤਾਂ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਇਸ ਨੌਜਵਾਨ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਨੌਜਵਾਨ ਕਾਲਜ ਦਾ ਵਿਦਿਆਰਥੀ ਹੈ ਤੇ ਉਸ ਦੇ ਪਿਤਾ ਦੀ ਬਿਜਲੀ ਦੀ ਦੁਕਾਨ ਹੈ।
ਪੁਲਿਸ ਵਲੋਂ ਅਨਮੋਲ ਮਹਿਮੀ ਸਮੇਤ ਉਸ ਦੇ ਪਿਤਾ ਖਿਲਾਫ ਕਤਲ ਦੀ ਕੋਸ਼ਿਸ਼ ਕਰਨ ਦਾ ਕੇਸ ਦਰਜ ਕਰ ਲਿਆ ਗਿਆ ਹੈ। ਡੀ. ਜੀ. ਪੀ. ਦਿਨਕਰ ਗੁਪਤਾ ਨੇ ਵੀ ਇਸ ਘਟਨਾ ‘ਤੇ ਟਵੀਟ ਕੀਤਾ ਹੈ ਤੇ ਕਿਹਾ ਹੈ ਕਿ ਪੁਲਿਸ ਵਾਲਿਆਂ ਨਾਲ ਹੋਣ ਵਾਲੀ ਅਜਿਹੀ ਕਿਸੇ ਵੀ ਬਦਸਲੂਕੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਨੌਜਵਾਨ ਅਨਮੋਲ ਮਹਿਮੀ ਤੇ ਉਸ ਦੇ ਪਿਤਾ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ। ਜਾਂਚ ਜਾਰੀ ਹੈ ਤੇ ਜਾਂਚ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।