Another death with : ਪੰਜਾਬ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਅੱਜ ਇਕੋ ਦਿਨ ਵਿਚ ਪੰਜਾਬ ਵਿਖੇ ਦੋ ਮੌਤਾਂ ਹੋਣ ਦੀ ਖਬਰ ਆਈ ਹੈ। ਮ੍ਰਿਤਕ ਦੀ ਪਛਾਣ ਫਗਵਾੜਾ ਦੇ ਪਲਾਹੀ ਗੇਟ ਨਿਵਾਸੀ ਨਿਰੰਜਣ ਦਾਸ (65) ਸਾਲ ਵਜੋਂ ਹੋਈ ਹੈ। ਇਸ ਬਜੁਰਗ ਦਾ ਇਲਾਜ ਲੁਧਿਆਣਾ ਦੇ ਡੀ. ਐੱਮ. ਸੀ. ਵਿਖੇ ਚੱਲ ਰਿਹਾ ਸੀ। ਇਸ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਦੀਪਤੀ ਉਪਲ ਵਲੋਂ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਜੁਰਗ ਪਹਿਲਾਂ ਜਲੰਧਰ ਦੇ ਗੁਰੂ ਨਾਨਕ ਹਸਪਤਾਲ ਵਿਚ ਭਰਤੀ ਸੀ ਜਿਸ ਨੂੰ ਕੁਝ ਦਿਨ ਪਹਿਲਾਂ ਹੀ ਲੁਧਿਆਣੇ ਦੇ ਡੀ. ਐੱਮ. ਸੀ. ਵਿਖੇ ਰੈਫਰ ਕੀਤਾ ਗਿਆ ਸੀ। ਹਾਲਤ ਗੰਭੀਰ ਹੋਣ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਸੈਂਪਲ ਵੀ ਲੈਬ ਵਿਚ ਟੈਸਟ ਲਈ ਭੇਜੇ ਗਏ ਹਨ। ਅਹਿਤਿਆਤ ਦੇ ਤੌਰ ‘ਤੇ ਉਨ੍ਹਾਂ ਨੂੰ 15 ਦਿਨਾਂ ਲਈ ਕੁਆਰੰਟਾਈਨ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਦੀਪਤੀ ਨੇ ਕਿਹਾ ਕਿ ਵਿਅਕਤੀ ਦੀ ਮੌਤ ਤਂ ਬਾਅਦ ਫਗਵਾੜਾ ਦੇ ਸਬੰਧਤ ਖੇਤਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਸਰਕਾਰੀ ਟੀਮਾਂ ਵੀ ਭੇਜ ਦਿੱਤੀਆਂ ਗਈਆਂ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਉਸ ਵਿਅਕਤੀ ਦੇ ਸੰਪਰਕ ਵਿਚ ਕਿਹੜੇ-ਕਿਹੜੇ ਵਿਅਕਤੀ ਆਏ ਸਨ। ਇਸੇ ਤਰ੍ਹਾਂ ਅੱਜ ਫਿਰੋਜ਼ਪੁਰ ਦੇ ਅਸ਼ੋਕ ਕੁਮਾਰ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਣ ਦੀ ਖਬਰ ਆਈ ਹੈ। ਜ਼ਿਕਰਯੋਗ ਹੈ ਕਿ ਅਸ਼ੋਕ ਕੁਮਾਰ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਸੀ, ਜਿਸ ਨੂੰ ਫਿਰੋਜ਼ਪੁਰ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਸੀ, ਜਿਸ ਹਸਪਤਾਲ ਵਿਚ ਜ਼ੇਰੇ ਇਲਾਜ ਮੌਤ ਹੋ ਗਈ। ਇਕ ਦਿਨ ਵਿਚ ਸੂਬੇ ਵਿਚ 2 ਮੌਤਾਂ ਹੋਣ ਸੂਬੇ ਵਿਚ ਖੌਫ ਦਾ ਮਾਹੌਲ ਬਣਿਆ ਹੋਇਆ ਹੈ ਤੇ ਪ੍ਰਸ਼ਾਸਨ ਵੀ ਇਸ ਸਬੰਧੀ ਹੋਰ ਚੌਕਸ ਹੋ ਗਿਆ ਹੈ।
ਅਧਿਕਾਰੀਆਂ ਅਨੁਸਾਰ ਬਾਹਰਲੇ ਸੂਬਿਆਂ ਤੋਂ ਆਏ ਵਿਅਕਤੀਆਂ ਦੇ ਲਏ ਗਏ ਨਮੂਨਿਆਂ ਦੇ ਨਤੀਜੇ ਆਉਣ ’ਤੇ ਸੂਬੇ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ। ਕਰੋਨਾਵਾਇਰਸ ਨਾਲ ਹੁਣ ਤੱਕ ਇੱਕ 6 ਸਾਲਾ ਬੱਚੀ ਸਮੇਤ 22 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਕਰੋਨਾਵਾਇਰਸ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਵਿਚਾਲੇ ਇਕ ਰਾਹਤ ਭਰੀ ਖ਼ਬਰ ਇਹ ਹੈ ਕਿ ਹੁਣ ਤੱਕ ਕੁੱਲ 112 ਮਰੀਜ਼ ਸਿਹਤਯਾਬ ਹੋ ਚੁੱਕੇ ਹਨ ਤੇ 640 ਵਿਅਕਤੀ ਹਾਲ ਦੀ ਘੜੀ ਹਸਪਤਾਲਾਂ ਵਿੱਚ ਇਲਾਜ ਹਨ। ਪੁਲਿਸ ਵੱਲੋਂ ਅਹਿਤਿਆਤ ਵਜੋਂ ਪਿੰਡਾਂ ਤੇ ਸ਼ਹਿਰੀ ਖੇਤਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ ।