Corona tests will : ਪੂਰੇ ਵਿਸ਼ਵ ਵਿਚ ਕੋਰੋਨਾ ਦਾ ਕੋਹਰਾਮ ਵਧਦਾ ਜਾ ਰਿਹਾ ਹੈ। ਹਰ ਕੋਈ ਇਸ ਵਿਰੁੱਧ ਲੜਾਈ ਲਈ ਆਪਣੇ ਉਪਰਾਲੇ ਕਰ ਰਿਹਾ ਹੈ। ਪੰਜਾਬ ਵਿਚ ਇਸ ਦੀ ਗਿਣਤੀ ਘਟਣ ਦਾ ਨਾਂ ਨਹੀਂ ਲੈ ਰਹੀ। ਜਲੰਧਰ ਵਿਚ ਹੁਣ ਤਕ 124 ਮਰੀਜ਼ ਇਸ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਏ ਹਨ ਤੇ 1237 ਮਰੀਜਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਜਿਲ੍ਹਾ ਜਲੰਧਰ ਵਿਚ ਸਭ ਤੋਂ ਵਧ ਮੁਸ਼ਕਲ ਕੋਰੋਨਾ ਟੈਸਟ ਨਾ ਹੋਣ ਦੀ ਆ ਰਹੀ ਹੈ ਪਰ ਹੁਣ ਖੁਸ਼ੀ ਦੀ ਗੱਲ ਹੈ ਕਿ ਹੁਣ ਜਿਲ੍ਹਾ ਜਲੰਧਰ ਵਿਖੇ ਵੀ ਕੋਰੋਨਾ ਟੈਸਟ ਨੂੰ ਮਨਜੂਰੀ ਮਿਲ ਗਈ ਹੈ।
ਜਿਲ੍ਹਾ ਜਲੰਧਰ ਵਿਖੇ ਜਿਹੜੇ ਕੋਰੋਨਾ ਸ਼ੱਕੀ ਪਾਏ ਜਾਂਦੇ ਹਨ ਉਨ੍ਹਾਂ ਦੇ ਟੈਸਟ ਜਾਂ ਤਾਂ ਅੰਮ੍ਰਿਤਸਰ ਸਥਿਤ ਮੈਡੀਕਲ ਲੈਬਾਰਟਰੀ ਜਾਂ ਪਟਿਆਲਾ ਸਥਿਤ ਲੈਬਾਰਟਰੀ ਵਿਖੇ ਭੇਜੇ ਜਾਂਦੇ ਹਨ ਜਿਸ ਕਾਰਨ ਸੈਂਪਲਾਂ ਦੀ ਰਿਪੋਰਟ ਲਈ ਕਾਫੀ ਇੰਤਜਾਰ ਕਰਨਾ ਪੈਂਦਾ ਹੈ ਪਰ ਹੁਣ ਇਥੇ ਵੀ ਕੇਂਦਰ ਵਲੋਂ ਕੋਰੋਨਾ ਟੈਸਟ ਨੂੰ ਮਨਜੂਰੀ ਦਿੱਤੀ ਗਈ ਹੈ ਤੇ ਜਲਦੀ ਹੀ ਸਿਵਲ ਹਸਪਤਾਲ ਜਲੰਧਰ ਵਿਖੇ ਹੀ ਇਹ ਟੈਸਟ ਕੀਤੇ ਜਾਣਗੇ। ਪੰਜਾਬ ਵਿਚ ਅੰਮ੍ਰਿਤਸਰ, ਪਟਿਆਲਾ, ਫਰੀਦਕੋਟ ਤੇ ਚੰਡੀਗੜ੍ਹ ਦੇ PGI ਵਿਚ ਹੀ ਕੋਰੋਨਾ ਟੈਸਟ ਹੁੰਦੇ ਸਨ। ਇਹ ਮਨਜੂਰੀ ਮਿਲਣ ਤੋਂ ਬਾਅਦ ਜਲੰਧਰ ਵਿਚ ਵੀ ਕੋਰੋਨਾ ਟੈਸਟ ਜਲਦੀ ਕੀਤੇ ਜਾਣਗੇ ਤੇ ਟੈਸਟਾਂ ਲਈ ਜ਼ਰੂਰੀ ਸਾਮਾਨ ਜਲਦ ਹੀ ਮਿਲਣ ਨਾਲ ਜਲੰਧਰ ਵਾਸੀਆਂ ਦੀ ਇਹ ਸਮੱਸਿਆ ਵੀ ਹੱਲ ਹੋ ਜਾਵੇਗੀ। ਇਸ ਤੋਂ ਇਲਾਵਾ ਲੁਧਿਆਣਾ ਦੇ DMC ਵਿਖੇ ਵੀ ਕੋਰੋਨਾ ਟੈਸਟਾਂ ਦੀ ਮਨਜੂਰੀ ਲਈ ਕਿਹਾ ਗਿਆ ਹੈ।
ਟੈਸਟ ਦੀ ਰਿਪੋਰਟ ਵਿਚ ਦੇਰੀ ਆਉਣ ਨਾਲ ਇੰਫੈਕਟਿਡ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ ਕਿਉਂਕਿ ਜਦੋਂ ਤਕ ਰਿਪੋਰਟ ਆਉਂਦੀ ਹੈ ਉਦੋਂ ਤਕ ਇੰਫੈਕਟਿਡ ਮਰੀਜ਼ ਪਤਾ ਨਹੀਂ ਕਿੰਨੇ ਹੋਰ ਲੋਕਾਂ ਦੇ ਸੰਪਰਕ ਵਿਚ ਆ ਜਾਂਦੇ ਹਨ। ਉਮੀਦ ਹੈ ਕਿ ਕੇਂਦਰ ਵਲੋਂ ਮਨਜੂਰੀ ਮਿਲਣ ਤੋਂ ਬਾਅਦ ਜਲੰਧਰ ਵਾਸੀਆਂ ਦੀ ਕੋਰੋਨਾ ਟੈਸਟ ਦੀ ਸਮੱਸਿਆ ਜਲਦ ਹੀ ਹੱਲ ਹੋ ਜਾਵੇਗੀ ਤੇ ਇਸ ਨੂੰ ਕੰਟਰੋਲ ਕੀਤਾ ਜਾ ਸਕੇਗਾ।