Punjab takes initiative : ਲੌਕਡਾਊਨ ਕਰਨ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਪੰਜਾਬ ਵਿਚ ਆ ਕੇ ਫਸ ਗਏ ਹਨ। ਉਹ ਆਪਣੇ ਪਰਿਵਾਰਕ ਮੈਂਬਰਾਂ ਤੋਂ ਦੂਰ ਰਹਿ ਕੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੂੰ ਨਾ ਤਾਂ ਭਰ ਪੇਟ ਰੋਟੀ ਮਿਲ ਰਹੀ ਹੈ ਤੇ ਨਾ ਹੀ ਉਨ੍ਹਾਂ ਕੋਲ ਰੋਜ਼ਗਾਰ ਦਾ ਕੋਈ ਸਾਧਨ ਹੈ। ਇਸੇ ਸਮੱਸਿਆ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਸਰਕਾਰ ਵਲੋਂ ਰਜਿਸਟ੍ਰੇਸ਼ਨ ਮੁਹਿੰਮ ਚਲਾਈ ਗਈ ਹੈ। ਇਸ ਵੈੱਬਸਾਈਟ ਉਤੇ ਤੁਸੀਂ ਆਨਲਾਈਨ ਵੀ ਅਪਲਾਈ ਕਰ ਸਕਦੇ ਹੋ। ਪੋਰਟਲ ਦਾ ਪ੍ਰਬੰਧਨ ਕਰਨ ਅਤੇ ਪ੍ਰਵਾਸੀਆਂ ਤੱਕ ਪਹੁੰਚ ਕਰਨ ਵਿੱਚ ਲੱਗੇ ਅਧਿਕਾਰੀਆਂ ਦੀ ਸਖਤ ਮਿਹਨਤ ਸਦਕਾ ਰਾਜ ਵਿਚ 6.44 ਲੱਖ ਤੋਂ ਵੱਧ ਪ੍ਰਵਾਸੀ ਸਫਲਤਾਪੂਰਵਕ ਰਜਿਸਟਰ ਕੀਤੇ ਗਏ ਹਨ ਜੋ ਆਪੋ ਆਪਣੇ ਪਿੱਤਰੀ ਰਾਜਾਂ ਨੂੰ ਵਾਪਸ ਪਰਤਣਾ ਚਾਹੁੰਦੇ ਹਨ।
ਇਹ ਜਾਣਕਾਰੀ ਦਿੰਦਿਆਂ ਅੱਜ ਇਥੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਿਸਥਾਰਤ ਅੰਕੜਿਆਂ ਨੂੰ ਨਿਯਮਤ ਤੌਰ ‘ਤੇ ਸਬੰਧਤ ਰਾਜਾਂ ਨਾਲ ਸਾਂਝਾ ਕੀਤਾ ਜਾ ਰਿਹਾ ਹੈ।ਸਬੰਧਤ ਰਾਜਾਂ ਤੋਂ ਜਲਦੀ ਹੀ ਭਾਰਤ ਸਰਕਾਰ ਵਲੋਂ ਨਿਰਧਾਰਤ ਸਿਹਤ ਪ੍ਰੋਟੋਕੋਲ ਨੂੰ ਧਿਆਨ ਵਿਚ ਰੱਖਦਿਆਂ ਇਨ੍ਹਾਂ ਪ੍ਰਵਾਸੀਆਂ ਦੀ ਸੁਰੱਖਿਅਤ ਵਾਪਸੀ ਸਬੰਧੀ ਪ੍ਰਬੰਧਾਂ ਨੂੰ ਅੰਤਮ ਰੂਪ ਦੇਣ ਦੀ ਉਮੀਦ ਕੀਤੀ ਜਾਂਦੀ ਹੈ। ਬੁਲਾਰੇ ਨੇ ਅੱਗੇ ਕਿਹਾ ਕਿ ਪੋਰਟਲ ਵਿੱਚ ਦਿੱਤਾ ਟੇਬਲ ਰਜਿਸਟਰ ਹੋਣ ਵਾਲੇ ਪ੍ਰਵਾਸੀਆਂ ਸਬੰਧੀ ਹਰ ਸੂਬੇ ਦੇ ਵੱਖੋ ਵੱਖਰੇ ਵੇਰਵਿਆਂ ਨੂੰ ਸੰਖੇਪ ਰੂਪ ਵਿਚ ਦਰਸਾਉਂਦਾ ਹੈ। “ਕਾਊਂਟ“ ਸਿਰਲੇਖ ਵਾਲਾ ਕਾਲਮ ਉਨ੍ਹਾਂ ਵਿਅਕਤੀਆਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਨੇ ਪੋਰਟਲ ਤੇ ਰਜਿਸਟਰ ਕੀਤਾ ਹੈ ਅਤੇ “ਮੈਂਬਰ ਕਾਊਂਟ“ ਸਿਰਲੇਖ ਵਾਲਾ ਕਾਲਮ ਉਨ੍ਹਾਂ ਵਾਧੂ ਲੋਕਾਂ ਨੂੰ ਦਰਸਾਉਂਦਾ ਹੈ ਜੋ ਪੋਰਟਲ ਤੇ ਰਜਿਸਟਰ ਹੋਏ ਵਿਅਕਤੀ ਦੇ ਨਾਲ ਹੋਣਗੇ।
ਆਪਣੇ ਗ੍ਰਹਿ ਰਾਜਾਂ ਨੂੰ ਵਾਪਸ ਪਰਤਣ ਦੀ ਇੱਛਾ ਰੱਖਣ ਵਾਲੇ ਪ੍ਰਵਾਸੀ ਕਰਮਚਾਰੀ ਵੈਬ ਪੋਰਟਲ www.covidhelp.punjab.gov.in ‘ਤੇ ਆਨਲਾਈਨ’ ਅਪਲਾਈ ਕਰ ਸਕਦੇ ਹਨ ਤੇ ਅਪਲਾਈ ਕਰਨ ਤੋਂ ਬਾਅਦ ਜਲਦੀ ਹੀ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਆਪਣੇ ਘਰ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਕੋਰੋਨਾ ਵਾਇਰਸ ਕਰਕੇ ਪ੍ਰਵਾਸੀ ਮਜ਼ਦੂਰਾਂ ਨੂੰ ਛੋਟੇ-ਛੋਟੇ ਗਰੁੱਪ ਬਣਾ ਆਪਣੀ ਮੰਜਿਲ ‘ਤੇ ਪਹੁੰਚਾਇਆ ਜਾਵੇਗਾ ਤਾਂ ਜੋ ਕਾਨੂੰਨੀ ਨਿਯਮਾਂ ਦੀ ਉਲੰਘਣਾ ਵੀ ਨਾ ਹੋਵੇ ਤੇ ਇਹ ਮਜ਼ਦੂਰ ਵਾਪਸ ਆਪਣੇ ਘਰਾ ਵੀ ਪਹੁੰਚ ਜਾਣ।