Guidelines issued by Punjab : ਪੰਜਾਬ ਵਿਚ ਕਲ ਤੋਂ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤੇ ਨਾਲ ਹੀ ਵਿਭਾਗ ਵਲੋਂ ਕੁਝ ਸ਼ਰਤਾਂ ਵੀ ਰੱਖੀਆਂ ਗਈਆਂ ਹਨ। ਉਂਝ ਤਾਂ ਸ਼ਰਾਬ ਦੀ ਹੋਮ ਡਲਿਵਰੀ ਦਾ ਕੋਈ ਕਾਨੂੰਨੀ ਪ੍ਰਾਵਧਾਨ ਨਹੀਂ ਹੈ ਪਰ ਹੁਣ ਕੋਵਿਡ-19 ਵਰਗੀ ਮਹਾਮਾਰੀ ਕਾਰਨ ਇਹ ਮੁੱਦਾ ਚੁੱਕਿਆ ਗਿਆ ਹੈ। ਸ਼ਰਾਬ ਦੀ ਹੋਮ ਡਲਿਵਰੀ ਦਾ ਫੈਸਲਾ ਪੰਜਾਬ ਦੇ ਵਿੱਤੀ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੀਤਾ ਗਿਆ ਹੈ। 2019-20 ਦੇ ਬਚੇ ਹੋਏ ਸਟਾਕ ਦੀ ਫਿਜੀਕਲ ਵੈਰਿਫਕੇਸ਼ਨ ਕੀਤੀ ਜਾਵੇ ਤੇ ਲਾਇਸੈਂਸੀ ਸਿਰਫ ਓਨੀ ਹੀ ਬਚੇ ਹੋਏ ਸਟਾਕ ਵਿਚ ਰਾਹਤ ਲੈ ਸਕੇਗਾ ਜਿਸ ਦੀ ਮਹਿਕਮੇ ਦੇ ਅਧਿਕਾਰੀ ਵਲੋਂ ਵੈਰੀਫਿਕੇਸ਼ਨ ਕੀਤੀ ਗਈ ਹੋਵੇ।
ਸਿਰਫ ਉਨ੍ਹਾਂ ਨੂੰ ਹੀ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਿਨ੍ਹਾਂ ਨੇ ਹੁਣ ਤਕ ਸਾਰੇ ਬਕਾਇਆ ਦਾ ਭੁਗਤਾਨ ਕਰ ਦਿੱਤਾ ਹੈ। ਨਵੇਂ ਅਲਾਟ ਹੋਏ ਗਰੁੱਪਾਂ ਵਿਚੋਂ ਉਹ ਜਿਨ੍ਹਾਂ ਨੇ ਲਾਇਸੈਂਸ ਫੀਸ ਦਾ 50% ਹਿੱਸਾ ਜਮ੍ਹਾ ਕਰਵਾਇਆ ਹੈ, ਨੂੰ ਆਰਜੀ ਤੌਰ ’ਤੇ ਦੁਕਾਨਾਂ ਖੋਲ੍ਹਣ ਦੀ ਇਜਾਜਤ ਮਿਲੇਗੀ। ਸ਼ਰਾਬ ਦੀ ਹੋਮ ਡਿਲਵਰੀ ਕਰਨ ਲਈ ਇਕ ਗਰੁੱਪ ਵਿਚੋਂ ਸਿਰਫ 2 ਵਿਅਕਤੀਆਂ ਨੂੰ ਹੀ ਹੋਮ ਡਲਿਵਰੀ ਦੀ ਇਜਾਜਤ ਹੋਵੇਗੀ ਤੇ ਉਸ ਵਿਅਤੀ ਕੋਲ ਵਿਭਾਗ ਵਲੋਂ ਜਾਰੀ ਕੀਤਾ ਗਿਆ ਪਛਾਣ ਪੱਤਰ ਹੋਣਾ ਜ਼ਰੂਰੀ ਹੈ ਤੇ ਹੋਮ ਡਲਿਵਰੀ ਵਾਸਤੇ ਉਸੇ ਵ੍ਹੀਕਲ ਦਾ ਇਸਤੇਮਾਲ ਕੀਤਾ ਜਾਵੇਗਾ ਜਿਸ ਸਬੰਧੀ ਲਾਇਸੈਂਸ ਵਲੋਂ ਜਿਲ੍ਹੇ ਦੇ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਵਲੋਂ ਪ੍ਰਵਾਨਗੀ ਮਿਲੀ ਹੋਵੇ।
ਹੋਮ ਡਲਿਵਰੀ ਕਰਨ ਲਈ ਅਧਿਕਾਰਤ ਵਿਅਕਤੀ ਕੋਲ ਹਰ ਸਮੇਂ ਮੌਜੂਦਾ ਸ਼ਰਾਬ ਦਾ ਕੈਸ਼ ਮੀਮੋ ਹੋਣਾ ਜ਼ਰੂਰੀ ਹੋਵੇਗਾ। ਹੋਮ ਡਲਿਵਰੀ ਦੀ ਸਹੂਲਤ ਸਿਰਫ ਕਰਫਿਊ ਦੌਰਾਨ ਹੀ ਰਹੇਗੀ। ਲਾਇਸੈਂਸੀ ਆਪਣੀ ਦੁਕਾਨ ਵਿਚ, ਆਪਣੇ ਮੁਲਾਜ਼ਮਾਂ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣਗੇ। ਦੁਕਾਨ ਦੇ ਬਾਹਰ ਇਕੋ ਸਮੇਂ 5 ਤੋਂ ਵਧ ਵਿਅਕਤੀ ਨਹੀਂ ਹੋਣਗੇ। ਦੁਕਾਨ ’ਤੇ ਸੈਨੇਟਾਈਜਰ, ਜੋ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਲੋੜੀਂਦੇ ਹੋਣ, ਨੂੰ ਰੱਖਣਾ ਯਕੀਨੀ ਬਣਾਉਣਾ ਹੋਵੇਗਾ। ਸ਼ਰਾਬ ਦੀਆਂ ਦੁਕਾਨਾਂ ਸਿਰਫ ਓਨੇ ਸਮੇਂ ਲਈ ਹੀ ਖੋਲ੍ਹੀਆਂ ਜਾਣਗੀਆਂ ਜਿੰਨੀਆਂ ਜਿਲ੍ਹਾ ਪ੍ਰਸ਼ਾਸਨ ਵਲੋਂ ਗਾਈਡਲਾਈਨਜ਼ ਜਾਰੀ ਕੀਤੀਆਂ ਜਾਣਗੀਆਂ। ਹਰੇਕ ਲਾਇਸੈਂਸੀ ਨੂੰ ਪੰਜਾਬ ਸਰਕਾਰ ਵਲੋਂ ਬਣਾਏ ਗਏ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ।