Third death due to : ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਮੋਹਾਲੀ ਦੇ ਜੀਰਕਪੁਰ ਸ਼ਹਿਰ ਵਿਚ 74 ਸਾਲਾ ਬਜੁਰਗ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਗਈ। ਇਸ ਦੀ ਜਾਣਕਾਰੀ ਸਿਵਲ ਸਰਜਨ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਬਜੁਰਗ ਫੇਫੜਿਆਂ ਦੀ ਬੀਮਾਰੀ ਤੋਂ ਪੀੜਤ ਸੀ ਪਰ ਉਹ ਕੋਰੋਨਾ ਪਾਜੀਟਿਵ ਵੀ ਸੀ। ਪੰਚਕੂਲਾ ਦੇ ਹਸਪਤਾਲ ਵਿਚ ਉਸ ਦਾ ਇਲਾਜ ਚੱਲ ਰਿਹਾ ਸੀ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਜਿਲ੍ਹੇ ਵਿਚ ਕੋਰੋਨਾ ਨਾਲ ਹੋਣ ਵਾਲੀ ਇਹ ਤੀਜੀ ਮੌਤ ਹੋ। ਹੁਣ ਤਕ ਕੋਰੋਨਾ ਦੇ ਲਗਭਗ 96 ਕੇਸ ਸਾਹਮਣੇ ਆ ਚੁੱਕੇ ਹਨ। ਇਸ ਤੋਂ ਪਹਿਲਾਂ ਚੰਡੀਗੜ੍ਹ ਵਿਚ ਕੋਰੋਨਾ ਨਾਲ 2 ਮੌਤਾਂ ਹੋ ਚੁੱਕੀਆਂ ਹਨ। ਇਸ ’ਚ ਇਕ ਬਜੁਰਗ ਵਿਅਕਤੀ ਨਯਾਗਾਂਵ ਦਾ ਰਹਿਣ ਵਾਲਾ ਸੀ। ਉਸ ਦੀ ਉਮਰ ਲਗਭਗ 65 ਸਾਲ ਸੀ ਜਦੋਂ ਕਿ ਦੂਜੀ ਮੌਤ ਖਰੜ ਦੀ ਇਕ ਬਜੁਰਗ ਔਰਤ ਦੀ ਹੋਈ ਸੀ। ਔਰਤ ਬੀਮਾਰੀ ਕਾਰਨ ਹਸਪਤਾਲ ਵਿਚ ਭਰਤੀ ਕਰਵਾਈ ਗਈ ਸੀ। ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਸੀ। ਡਾਕਟਰਾਂ ਨੇ ਅਹਿਤਿਆਤ ਦੇ ਤੌਰ ’ਤੇ ਮਹਿਲਾ ਦਾ ਕੋਰੋਨਾ ਟੈਸਟ ਕਰਵਾਇਆ ਸੀ ਪਰ ਔਰਤ ਦੇ ਮਰਨ ਦੇ ਤਿੰਨ ਦਿਨ ਬਾਅਦ ਕੋਰੋਨਾ ਟੈਸਟ ਦੀ ਰਿਪੋਰਟ ਪਾਜੀਟਿਵ ਆਈ ਸੀ। ਮੌਤ ਤੋਂ ਬਾਅਦ ਉਸ ਦੇ ਸਾਰੇ ਪਰਿਵਾਰਕ ਮੈਂਬਰਾਂ ਦੇ ਸੈਂਪਲ ਲਏ ਗਏ ਸਨ ਜਿਨ੍ਹਾਂ ’ਚੋਂ ਇਕ ਦੀ ਰਿਪੋਰਟ ਪਾਜੀਟਿਵ ਆਈ ਸੀ।
ਇਥੇ ਇਹ ਵੀ ਦੱਸਣਯੋਗ ਹੈ ਕਿ ਮੋਹਾਲੀ ਵਿਚ ਕੋਰੋਨਾ ਦਾ ਸਭ ਤੋਂ ਪਹਿਲਾ ਕੇਸ ਫੇਜ਼-3 ਬੀ-1 ਵਿਚ ਆਇਆ ਸੀ। ਇਸ ਤੋਂ ਬਾਅਦ ਸ਼ਹਿਰੀ ਏਰੀਆ ਵਿਚ ਕੁਝ ਕੇਸ ਸਾਹਮਣੇ ਆਏ ਸਨ। ਇਸ ਦੌਰਾਨ ਡੇਰਾਬੱਸੀ ਦੇ ਬਲਾਕ ਜਵਾਹਪੁਰ ਵਿਚ ਕੋਰੋਨਾ ਦੀ ਐਂਟਰੀ ਹੋਈ। ਉਥੇ 40 ਦੇ ਲਗਭਗ ਕੇਸ ਸਾਹਮਣੇ ਆਏ ਸਨ। ਇਨ੍ਹਾਂ ਵਿਚੋਂ ਕਈ ਲੋਕ ਠੀਕ ਹੋ ਕੇ ਘਰ ਜਾ ਚੁੱਕੇ ਹਨ। ਹੁਣ ਤਕ ਜਿਲ੍ਹੇ ਵਿਚ ਲਗਭਗ 47 ਲੋਕ ਕੋਰੋਨਾ ਦੀ ਜੰਗ ਜਿੱਤ ਚੁੱਕੇ ਹਨ। ਪੂਰੇ ਪੰਜਾਬ ਵਿਚ ਕੋਰੋਨਾ ਪਾਜੀਟਿਵ ਮਰੀਜਾਂ ਦੀ ਗਿਣਤੀ 1795 ਤਕ ਪਹੁੰਚ ਗਈ ਹੈ। ਵੀਰਵਾਰ ਨੂੰ ਗੁਰਦਾਸਪੁਰ ਵਿਚ 20, ਤਰਨਤਾਰਨ ’ਚ 13, ਜਲੰਧਰ ’ਚ 11, ਅੰਮ੍ਰਿਤਸਰ ’ਚ 8, ਬਰਨਾਲਾ ਤੇ ਫਤਿਹਗੜ੍ਹ ਸਾਹਿਬ ’ਚ 1-1 ਕੇਸ ਸਾਹਮਣੇ ਆਏ। ਪੰਜਾਬ ਵਿਚ ਹੁਣ ਤਕ ਲਗਭਗ 34701 ਟੈਸਟਾਂ ’ਚੋਂ ਲਗਭਗ 4124 ਟੈਸਟਾਂ ਦੀ ਰਿਪੋਰਟ ਆਉਣੀ ਬਾਕੀ ਹੈ।