Biba Harsimrat Kaur Badal : ਕੋਰੋਨਾ ਵਾਇਰਸ ਕਾਰਨ ਪੰਜਾਬ ਬਹੁਤ ਵੱਡੇ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਅਜਿਹੀ ਹਾਲਤ ਵਿਚ ਹਰੇਕ ਸਿਆਸਤਦਾਨ ਵਲੋਂ ਇਸ ਵਿੱਤੀ ਘਾਟੇ ਨੂੰ ਪੂਰਾ ਕਰਨ ਲਈ ਆਪਣਾ ਯੋਗਦਾਨ ਦਿੱਤਾ ਜਾ ਰਿਹਾ ਹੈ। ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਯਤਨਾਂ ਵਿਚ ਵੱਡਾ ਯੋਗਦਾਨ ਪਾਉਂਦਿਆਂ ਏਮਜ਼ ਬਠਿੰਡਾ ਲਈ ਟਰਾਂਸਪੋਰਟ ਵੈਂਟੀਲੇਟਰ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਆਪਣੇ ਸੰਸਦੀ ਕੋਟੇ ਵਿਚੋਂ 7.19 ਲੱਖ ਰੁਪਏ ਦਿੱਤੇ ਹਨ। ਇਸ ਤੋਂ ਪਹਿਲਾਂ ਬੀਤੇ ਦਿਨੀਂ ਕੇਂਦਰੀ ਮੰਤਰੀ ਨੇ ਇਸ ਹਸਪਤਾਲ ਨੂੰ 21 ਲੱਖ ਦੀ ਲਾਗਤ ਵਾਲੀ ਐਂਬੂਲੈਂਸ ਵੀ ਦਿੱਤੀ ਸੀ। ਬੀਬਾ ਬਾਦਲ ਨੇ ਏਮਜ਼ ਦੇ ਡਾਕਟਰਾਂ ਅਤੇ ਸਟਾਫ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਇਲਾਕੇ ਦੇ ਲੋਕਾਂ ਨੂੰ ਸ਼ਾਨਦਾਰ ਸਿਹਤ ਸੇਵਾਵਾਂ ਦੇਣ ਵਿਚ ਕੋਈ ਕਸਰ ਬਾਕੀ ਨਾ ਛੱਡਣ। ਉਨ੍ਹਾਂ ਕਿਹਾ ਕਿ ਜੇਕਰ ਇਸ ਲਈ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਉਹ ਹਰ ਸਮੇਂ ਸੇਵਾ ਵਿੱਚ ਹਾਜ਼ਿਰ ਹਨ।
ਬੀਬਾ ਬਾਦਲ ਨੇ ਏਮਜ਼ ਬਠਿੰਡਾ ਵੱਲੋਂ ਨਿਭਾਈ ਜਾ ਰਹੀ ਭੂਮਿਕਾ ਬਾਰੇ ਦੱਸਦਿਆਂ ਕਿਹਾ ਕਿ ਵੱਧ ਤੋਂ ਵੱਧ ਲੋਕਾਂ ਤਕ ਸਿਹਤ ਸੇਵਾਵਾਂ ਪਹੁੰਚਾਉਣ ਲਈ ਏਮਜ਼ ਬਠਿੰਡਾ ਵੱਲੋਂ ਆਨਲਾਇਨ ਓਪੀਡੀ ਸੇਵਾਵਾਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਸਮਾਜਿਕ ਦੂਰੀ ਬਰਕਰਾਰ ਰੱਖਣ ਲਈ ਮਰੀਜ਼ ਵੀਡਿਓ ਕਾਨਫਰੰਸਿੰਗ ਰਾਹੀਂ ਡਾਕਟਰ ਨੂੰ ਆਪਣੀ ਬੀਮਾਰੀ ਬਾਰੇ ਦੱਸਦੇ ਹਨ ਅਤੇ ਡਾਕਟਰ ਤੁਰੰਤ ਲੋਂੜੀਦੀ ਦਵਾਈ ਲਿਖ ਦਿੰਦੇ ਹਨ। ਬੀਬਾ ਬਾਦਲ ਨੇ ਦੱਸਿਆ ਕਿ ਮਹਾਂਮਾਰੀ ਦੇ ਇਸ ਸੰਕਟ ਦੌਰਾਨ ਏਮਜ਼ ਬਠਿੰਡਾ ਵਲੋਂ ਆਪਣੀਆਂ ਡਾਕਟਰੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਕੋਰੋਨਾ ਮੌਤਾਂ ਦੀ ਵਧ ਰਹੀ ਗਿਣਤੀ ਲਈ ਕਾਂਗਰਸ ਸਰਕਾਰ ਦੀ ਭੂਮਿਕਾ ਉੱਤੇ ਸੁਆਲ ਖੜ੍ਹੇ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਸਿਹਤ ਮੰਤਰੀ ਨੇ ਪਿਛਲੇ ਡੇਢ ਮਹੀਨੇ ਦੌਰਾਨ ਸੂਬੇ ਦੇ ਸਿਹਤ ਢਾਂਚੇ ਵਿਚ ਸੁਧਾਰ ਕਰਨ ਲਈ ਕੋਈ ਕਦਮ ਨਹੀਂ ਉਠਾਏ ਹਨ। ਉਨ੍ਹਾਂ ਕਿਹਾ ਕਿ ਸਾਰੇ ਹਸਪਤਾਲਾਂ ਪੀਪੀਈ ਕਿਟਾਂ ਅਤੇ ਵੈਂਟੀਲੈਂਟਰਾਂ ਦੀ ਭਾਰੀ ਕਮੀ ਪਾਈ ਜਾ ਰਹੀ ਹੈ, ਜਿਸ ਕਰਕੇ ਸਿਹਤ ਅਤੇ ਸਫਾਈ ਕਾਮਿਆਂ ਨੂੰ ਸੇਵਾਵਾਂ ਨਿਭਾਉਣ ਵਿਚ ਵੱਡੀ ਰੁਕਾਵਟ ਆ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਨਿੱਜੀ ਦਖ਼ਲ ਦੇ ਕੇ ਸੂਬੇ ਦੇ ਸਾਰੇ ਹਸਪਤਾਲਾਂ ਅੰਦਰ ਸੁਰੱਖਿਆ ਕਿਟਾਂ ਅਤੇ ਹੋਰ ਸਮਾਨ ਮੁਹੱਈਆ ਕਰਵਾਉਣ ਤਾਂ ਜੋ ਹਸਪਤਾਲਾਂ ਵਿਚ ਮੈਡੀਕਲ ਸਟਾਫ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਘੱਟ ਕੀਤਾ ਜਾ ਸਕੇ।