Coronavirus vaccine: ਨਵੀਂ ਦਿੱਲੀ: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ, ਜਿਸ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ । ਦੇਸ਼ ਵਿੱਚ ਇਸ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਕਡਾਊਨ ਲਾਗੂ ਕੀਤਾ ਗਿਆ ਹੈ । ਪਰ ਇਸਦੇ ਬਾਵਜੂਦ ਦੇਸ਼ ਵਿੱਚ ਹਰ ਰੋਜ਼ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ । ਜਿਸਦੇ ਮੱਦੇਨਜ਼ਰ ਕੋਰੋਨਾ ਵਾਇਰਸ ਦੀ ਵੈਕਸੀਨ ਨੂੰ ਲੈ ਕੇ ਭਾਰਤ ਵੱਲੋਂ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ ।
ਕੋਰੋਨਾ ਵਾਇਰਸ ਦੇ ਖਾਤਮੇ ਲਈ ਪੂਰੀ ਦੁਨੀਆ ਵਿੱਚ ਇਸਦੀ ਵੈਕਸੀਨ ਦੀ ਖੋਜ ਕੀਤੀ ਜਾ ਰਹੀ ਹੈ । ਉੱਥੇ ਹੀ ਇਟਲੀ ਅਤੇ ਇਜ਼ਰਾਇਲ ਵਰਗੇ ਦੇਸ਼ ਕੋਵਿਡ-19 ਦੀ ਵੈਕਸੀਨ ਬਣਾਉਣ ਦਾ ਦਾਅਵਾ ਕਰ ਚੁੱਕੇ ਹਨ । ਉੱਥੇ ਹੀ ਹੁਣ ਭਾਰਤ ਵੀ ਕੋਰੋਨਾ ਵਾਇਰਸ ਦੀ ਵੈਕਸੀਨ ਬਣਾਉਣ ਦੀ ਦਿਸ਼ਾ ਵੱਲ ਵੱਧ ਚੁੱਕਿਆ ਹੈ ।
ਦਰਅਸਲ, ਇੰਡੀਅਨ ਕਾਉਂਸਿਲ ਆਫ ਮੈਡੀਕਲ ਰਿਸਰਚ (ICMR) ਨੇ ਭਾਰਤ ਬਾਇਓਟੈਕ ਇੰਟਰਨੈਸ਼ਨਲ ਲਿਮਟਿਡ ਦੇ ਨਾਲ ਮਿਲ ਕੇ ਦੇਸ਼ ਵਿੱਚ ਹੀ ਕੋਰੋਨਾ ਵਾਇਰਸ ਲਈ ਵੈਕਸੀਨ ਤਿਆਰ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ । ਜਿਸ ਵਿੱਚ ਦੋਨਾਂ ਦੀ ਕੋਸ਼ਿਸ਼ ਹੈ ਕਿ ਕੋਰੋਨਾ ਦੇ ਇਲਾਜ ਲਈ ਜਲਦ ਹੀ ਦੇਸ਼ ਵਿੱਚ ਵੈਕਸੀਨ ਤਿਆਰ ਕੀਤੀ ਜਾ ਸਕੇ ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਦੀ ਵੈਕਸੀਨ ਤਿਆਰ ਕਰਨ ਲਈ ਪੁਣੇ ਦੇ ਲੈਬ ਤੋਂ ਵਾਇਰਸ ਸਟ੍ਰੇਨ ਨੂੰ ਭਾਰਤ ਬਾਇਓਟੈਕ ਨੂੰ ਭੇਜ ਦਿੱਤਾ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਜੇਕਰ ਵੈਕਸੀਨ ਤਿਆਰ ਹੋ ਜਾਂਦੀ ਹੈ ਤਾਂ ਇਸਦਾ ਸਭ ਤੋਂ ਪਹਿਲਾਂ ਜਾਨਵਰਾਂ ‘ਤੇ ਟ੍ਰਾਇਲ ਕੀਤਾ ਜਾਵੇਗਾ । ਜੇਕਰ ਇਹ ਟ੍ਰਾਇਲ ਜਾਨਵਰਾਂ ‘ਤੇ ਸਫਲ ਹੁੰਦਾ ਹੈ ਤਾਂ ਬਾਅਦ ਵਿੱਚ ਇਸਦਾ ਇਨਸਾਨਾਂ ‘ਤੇ ਟ੍ਰਾਇਲ ਕੀਤਾ ਜਾਵੇਗਾ ।