In Rupnagar 4 more cases : ਕੋਰੋਨਾ ਦਾ ਕਹਿਰ ਪੂਰੇ ਪੰਜਾਬ ਵਿਚ ਵਧਦਾ ਜਾ ਰਿਹਾ ਹੈ। ਹਰੇਕ ਜਿਲ੍ਹੇ ਵਿਚ ਇਸ ਦੇ ਮਰੀਜਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। ਸ਼ਨੀਵਾਰ ਰਾਤ ਨੂੰ ਰੂਪਨਗਰ ਜਿਲ੍ਹੇ ਵਿਚ 4 ਹੋਰ ਕੋਰੋਨਾ ਮਰੀਜਾਂ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤਰ੍ਹਾਂ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ ਰੂਪਨਗਰ ਵਿਚ 21 ਹੋ ਗਈ ਹੈ। ਇਨ੍ਹਾਂ ਵਿਚੋਂ 2 ਮਰੀਜ਼ ਠੀਕ ਹੋ ਕੇ ਘਰ ਚਲੇ ਗਏ ਹਨ ਤੇ ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ। ਜਿਹੜੇ 4 ਕੇਸ ਸਾਹਮਣੇ ਆਏ ਹਨ ਉਨ੍ਹਾਂ ‘ਚੋਂ 1 ਸ੍ਰੀ ਚਮਕੌਰ ਸਾਹਿਬ, 1 ਨਾਂਦੇੜ ਸਾਹਿਬ ਤੋਂ ਵਾਪਸ ਆਇਆ ਸ਼ਰਧਾਲੂ ਤੇ 2 ਦੂਜੇ ਸੂਬਿਆਂ ਤੋਂ ਵਾਪਸ ਆਏ ਵਿਅਕਤੀ ਹਨ।
ਜਿਲ੍ਹਾ ਰੂਪਨਗਰ ਵਿਚ ਹੁਣ ਤਕ ਲਗਭਗ 699 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਉਨ੍ਹਾਂ ਵਿਚੋਂ 567 ਦੀ ਰਿਪੋਰਟ ਨੈਗੇਟਿਵ ਆਈ ਹੈ, 115 ਦੀ ਰਿਪੋਰਟ ਆਉਣੀ ਬਾਕੀ ਹੈ ਤੇ 21 ਕੇਸ ਕੋਰੋਨਾ ਪਾਜੀਟਿਵ ਆਏ ਹਨ, ਜਿਨ੍ਹਾਂ ਵਿਚੋਂ 2 ਠੀਕ ਹੋ ਚੁੱਕੇ ਹਨ ਤੇ ਇਕ ਮਰੀਜ਼ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਇਸ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਨੇ ਦਿੱਤੀ। ਸ਼ਨੀਵਾਰ ਨੂੰ ਪੰਜਾਬ ਦੇ ਕੋਰੋਨਾਵਾਇਰਸ ਮਰੀਜ਼ਾਂ ਦਾ ਅੰਕੜਾ 1767 ਹੋ ਗਿਆ ਹੈ। ਸੂਬੇ ‘ਚ ਕੁੱਲ 39462 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 1767 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 4061 ਲੋਕਾਂ ਦੀ ਰਿਪੋਰਟ ਆਉਣ ਹਾਲੇ ਬਾਕੇ ਹੈ।
ਕੋਰੋਨਾ ਦੇ ਵਧਦੇ ਕੇਸ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਪ੍ਰਸ਼ਾਸਨ ਵਲੋਂ ਲਗਾਤਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ ਭਾਵੇਂ ਕਰਫਿਊ ਵਿਚ ਕਿਤੇ-ਕਿਤੇ ਥੋੜ੍ਹੀ ਢਿੱਲ ਦਿੱਤੀ ਗਈ ਹੈ ਪਰ ਨਾਲ ਹੀ ਇਹ ਵੀ ਯਕੀਨੀ ਬਣਾਇਆ ਗਿਆ ਹੈ ਕਿ ਇਸ ਛੋਟ ਦਾ ਗਲਤ ਫਾਇਦਾ ਨਾ ਚੁੱਕਿਆ ਜਾਵੇ। ਆਮ ਨਾਗਰਿਕ ਨੂੰ ਵੀ ਪ੍ਰਸ਼ਾਸਨ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ ਤੇ ਕਾਨੂੰਨੀ ਨਿਯਮਾਂ ਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਕੋਰੋਨਾ ਦੀ ਵਧਦੀ ਲਾਗ ਨੂੰ ਕੰਟਰੋਲ ਕੀਤਾ ਜਾ ਸਕੇ ਤੇ ਕੋਰੋਨਾ ਦੇ ਵਧਦੇ ਕੇਸਾਂ ਨੂੰ ਠੱਲ੍ਹ ਪਾਈ ਜਾ ਸਕੇ।