Corona blast in Rupnagar : ਕੋਰੋਨਾ ਦਾ ਕਹਿਰ ਪੂਰੇ ਵਿਸ਼ਵ ਵਿਚ ਫੈਲ ਗਿਆ ਹੈ। ਪੰਜਾਬ ਵਿਚ ਵੀ ਆਏ ਦਿਨ ਇਸ ਦੇ ਕੇਸਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਪੰਜਾਬ ਦੇ ਲਗਭਗ 22 ਜਿਲ੍ਹੇ ਇਸ ਦੀ ਪਕੜ ਵਿਚ ਆ ਚੁੱਕੇ ਹਨ। ਰੂਪਨਗਰ ਵਿਚ ਅੱਜ ਕੋਰੋਨਾ ਬਲਾਸਟ ਹੋਇਆ ਹੈ। ਉਥੇ ਇਕੱਠੇ 46 ਕੋਰੋਨਾ ਪਾਜੀਟਿਵ ਕੇਸ ਸਾਹਮਣੇ ਆਏ ਹਨ। ਇਸ ਤਰ੍ਹਾਂ ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਤੇ ਇਸ ਦੇ ਮਰੀਜਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ। 46 ਕੇਸਾਂ ਦੀ ਪੁਸ਼ਟੀ ਹੋਣ ਨਾਲ ਰੂਪਨਗਰ ਵਿਚ ਕੁੱਲ 67 ਕੇਸ ਹੋ ਗਏ ਹਨ। ਇਨ੍ਹਾਂ ਵਿਚੋਂ 64 ਕੋਰੋਨਾ ਪਾਜੀਟਿਵ ਹਨ, ਦੋ ਠੀਕ ਹੋ ਕੇ ਘਰ ਜਾ ਚੁੱਕੇ ਹਨ ਅਤੇ ਇਕ ਦੀ ਮੌਤ ਹੋ ਚੁੱਕੀ ਹੈ।
ਮਿਲੀ ਜਾਣਕਾਰੀ ਮੁਤਾਬਕ ਕਲ ਸ਼ਾਮ ਜਿਹੜੀਆਂ ਰਿਪੋਰਟਾਂ ਆਈਆਂ ਉਨ੍ਹਾਂ ਵਿਚੋਂ ਸਿਵਲ ਹਸਪਤਾਲ ਦੇ SMO ਦੀ ਰਿਪੋਰਟ ਵੀ ਪਾਜੀਟਿਵ ਆਈ ਹੈ ਤੇ ਪਿੰਡ ਚੱਕ ਢੇਰਾ ਦੀ 22 ਸਾਲਾ ਹੈਲਥ ਵਰਕਰ ਸਮੇਤ ਹੋਰ 12 ਵਿਅਕਤੀ ਕੋਰੋਨਾ ਦੀ ਲਪੇਟ ਵਿਚ ਆ ਗਏ ਹਨ। ਇਨ੍ਹਾਂ ਸਾਰਿਆਂ ਸਮੇਤ ਪਿੰਡ ਪਿੱਪਲ ਮਾਜਰਾ ਦੇ ਕੁਆਰੰਟਾਈਨ ਸੈਂਟਰ ਵਿਚ ਦਾਖਲ ਮਾਛੀਵਾੜਾ ਨੇੜਲੇ ਪਿੰਡ ਸੁਲਤਾਨਪੁਰ ਦੇ ਡਰਾਈਵਰ ਨਾਲ ਲਗਭਗ 46 ਵਿਅਕਤੀਆਂ ਦੀ ਰਿਪੋਰਟ ਪਾਜੀਟਿਵ ਆਈ ਹੈ। ਰੂਪਨਗਰ ਦੇ ਡੀ. ਸੀ. ਸੋਨਾਲੀ ਗਿਰੀ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਘਰ ਤੋਂ ਬਾਹਰ ਉਦੋਂ ਹੀ ਨਿਕਲਣ ਜਦੋਂ ਬਹੁਤ ਹੀ ਜ਼ਰੂਰੀ ਕੰਮ ਹੋਵੇ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਲੋਕਾਂ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਇਸ ਦਾ ਗਲਤ ਫਾਇਦਾ ਨਹੀਂ ਚੁੱਕਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਬਹੁਤ ਜ਼ਰੂਰੀ ਕੰਮ ਲਈ ਤੁਹਾਨੂੰ ਘਰ ਤੋਂ ਬਾਹਰ ਨਿਕਲਣਾ ਹੀ ਪਵੇ ਤਾਂ ਮਾਸਕ ਦੀ ਵਰਤੋਂ ਜ਼ਰੂਰ ਕਰੋ ਤੇ ਸੋਸ਼ਲ ਡਿਸਟੈਂਸਿੰਗ ਦਾ ਵੀ ਧਿਆਨ ਰੱਖਿਆ ਜਾਵੇ।