National Technology Day 2020: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਟੈਕਨਾਲੋਜੀ ਦਿਵਸ ਮੌਕੇ ਕੋਰੋਨਾ ਵਾਇਰਸ ਖਿਲਾਫ਼ ਲੜਾਈ ਵਿੱਚ ਖੋਜ ਅਤੇ ਨਵੀਨਤਾ ਵੱਲ ਪੇਸ਼ਗੀ ਮੋਰਚੇ ‘ਤੇ ਕੰਮ ਕਰ ਰਹੇ ਲੋਕਾਂ ਦੀ ਪ੍ਰਸ਼ੰਸਾ ਕੀਤੀ ਅਤੇ 1998 ਦੇ ਪੋਖਰਨ ਪਰਮਾਣੂ ਪ੍ਰੀਖਣ ਨੂੰ ਯਾਦ ਕਰਦੇ ਹੋਏ ਦੇਸ਼ ਦੇ ਵਿਗਿਆਨੀਆਂ ਨੂੰ ਇਸ ਅਸਾਧਾਰਨ ਉਪਲੱਬਧੀ ਲਈ ਸਲਾਮ ਕੀਤਾ ਹੈ । ਇਸ ਸਬੰਧੀ ਮੋਦੀ ਨੇ ਸੋਮਵਾਰ ਨੂੰ ਰਾਸ਼ਟਰੀ ਟੈਕਨਾਲੋਜੀ ਦਿਵਸ ਮੌਕੇ ਕਈ ਟਵੀਟ ਕਰ ਕੇ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਵਿਗਿਆਨੀਆਂ ਦੇ ਪ੍ਰਤੀ ਆਭਾਰ ਜ਼ਾਹਿਰ ਕੀਤਾ ।
ਪ੍ਰਧਾਨ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਰਾਸ਼ਟਰੀ ਟੈਕਨਾਲੋਜੀ ਦਿਵਸ ਮੌਕੇ ਸਾਡਾ ਰਾਸ਼ਟਰ ਉਨ੍ਹਾਂ ਸਾਰੇ ਲੋਕਾਂ ਨੂੰ ਸਲਾਮ ਕਰਦਾ ਹੈ, ਜੋ ਦੂਜਿਆਂ ਦੇ ਜੀਵਨ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਤਕਨਾਲੋਜੀ ਦੀ ਵਰਤੋਂ ਕਰ ਰਹੇ ਹਨ । ਅਸੀਂ ਅੱਜ ਹੀ ਦੇ ਦਿਨ ਸਾਲ 1998 ਵਿੱਚ ਸਾਡੇ ਵਿਗਿਆਨੀਆਂ ਵਲੋਂ ਹਾਸਿਲ ਕੀਤੀ ਗਈ ਅਸਾਧਾਰਨ ਉਪਲੱਬਧੀ ਨੂੰ ਯਾਦ ਕਰਦੇ ਹਾਂ । ਇਹ ਭਾਰਤ ਦੇ ਇਤਿਹਾਸ ਵਿੱਚ ਇਕ ਇਤਿਹਾਸਕ ਪਲ ਸੀ ।
ਉਥੇ ਹੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਰਾਸ਼ਟਰੀ ਟੈਕਨਾਲੌਜੀ ਦਿਵਸ ਦੇ ਮੌਕੇ ‘ਤੇ ਵਧਾਈ ਸੰਦੇਸ਼ ਵਿੱਚ ਲਿਖਿਆ, 1998 ਦੇ ਪ੍ਰਮਾਣੂ ਪ੍ਰੀਖਿਆਵਾਂ ਦੀ ਵਰ੍ਹੇਗੰਢ ਦੇ ਮੌਕੇ ਸਾਥੀ ਨਾਗਰਿਕਾਂ ਨੂੰ ਰਾਸ਼ਟਰੀ ਟੈਕਨਾਲੋਜੀ ਦਿਵਸ ਦੀ ਵਧਾਈ । ਇਸ ਮੌਕੇ, ਅਸੀਂ ਰਾਸ਼ਟਰ ਨੂੰ ਸਵੈ-ਨਿਰਭਰ ਬਣਾਉਣ ਵਿੱਚ ਵਿਗਿਆਨਕ ਭਾਈਚਾਰੇ ਦੇ ਬੇਮਿਸਾਲ ਯੋਗਦਾਨ ਦਾ ਜਸ਼ਨ ਮਨਾਉਂਦੇ ਹਾਂ ।