6 more cases come to light : ਜਿਲ੍ਹਾ ਲੁਧਿਆਣਾ ਵਿਖੇ ਕੋਰੋਨਾ ਮਰੀਜਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਅੱਜ ਲੁਧਿਆਣਾ ਦੇ ਨਿੱਜੀ ਹਸਪਤਾਲ ਦੇ ਵਾਰਡ ਬੁਆਏ ਸਮੇਤ 5 ਹੋਰ ਮਰੀਜ਼ ਕੋਰੋਨਾ ਪਾਜੀਟਿਵ ਪਾਏ ਗਏ। ਇਹ ਜਾਣਕਾਰੀ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਦਿੱਤੀ। ਇਹ ਸਾਰੇ ਮਰੀਜ਼ ਦਯਾਨੰਦ ਹਸਪਤਾਲ ਵਿਚ ਦਾਖਲ ਸਨ। ਜਿਨ੍ਹਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ ਹੈ ਉਨ੍ਹਾਂ ਵਿਚੋਂ 13 ਸਾਲਾ ਜੀਆ ਖੰਨਾ ਦੀ ਰਹਿਣ ਵਾਲੀ ਹੈ, ਦੂਜਾ 31 ਸਾਲਾ ਵਿਜੇ ਕੁਮਾਰ ਹੈਬੋਵਾਲ ਦਾ ਤੇ ਬਾਕੀ ਤਿੰਨ ਹੋਰਨਾਂ ਜਿਲ੍ਹਿਆਂ ਨਾਲ ਸਬੰਧਤ ਹਨ। ਇਸ ਤੋਂ ਇਲਾਵਾ ਰਾਜ ਕੁਮਾਰੀ 69 ਸਾਲ ਜੀ. ਟੀ. ਰੋਡ ਗੁਰਦਾਸਪੁਰ, ਮਦਨ ਗੋਪਾਲ ਫਰੀਦਕੋਟ ਤੇ ਸੁਨੀਲਾ ਰਾਣੀ 53 ਰਾਜਪੁਰਾ ਦੀ ਰਹਿਣ ਵਾਲੀ ਹੈ। ਇਸ ਤਰ੍ਹਾਂ ਲੁਧਿਆਣਾ ਵਿਚ ਕੋਰੋਨਾ ਪਾਜੀਟਿਵ ਮਰੀਜਾਂ ਦੀ ਗਿਣਤੀ 136 ਹੋ ਗਈ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਇਹ ਪਾਜੀਟਿਵ ਕੇਸ ਲਗਭਗ 4063 ਮਰੀਜਾਂ ਦੇ ਸੈਂਪਲ ਭੇਜੇ ਗਏ ਹਨ ਜਿਨ੍ਹਾਂ ਵਿਚੋਂ 3695 ਦੀ ਰਿਪੋਰਟ ਆ ਚੁੱਕੀ ਹੈ ਤੇ 3542 ਮਰੀਜ਼ ਨੈਗੇਟਿਵ ਆਏ ਹਨ। 10 ਮਰੀਜ਼ ਘਰ ਵਾਪਸ ਜਾ ਚੁੱਕੇ ਹਨ ਤੇ ਲੁਧਿਆਣਾ ਵਿਖੇ ਹੁਣ ਤਕ 6 ਮਰੀਜਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। 6 ਮਈ ਨੂੰ ਕੋਰੋਨਾ ਪਾਜੀਟਿਵ ਪਾਏ ਗਏ ਟਾਇਰ ਫੈਕਟਰੀ ਦੇ ਮੈਨੇਜਰ ਤੋਂ ਕੋਰੋਨਾ ਵਾਇਰਸ ਦੀ ਚੇਨ ਸ਼ੁਰੂ ਹੋ ਗਈ ਹੈ। ਮੈਨੇਜਰ ਦੇ ਸੰਪਰਕ ਵਿਚ ਆਉਣ ਨਾਲ ਸ਼ਨੀਵਾਰ ਨੂੰ ਜਿਥੇ 53 ਸਾਲਾ ਪਤਨੀ, ਫੈਕਟਰੀ ਵਿਚ ਨਾਲ ਕੰਮ ਕਰਨ ਵਾਲੇ ਖੰਨਾ ਦੇ ਕਿਸ਼ਨਗੜ੍ਹ, ਦੁਗਰੀ ਦੇ ਹਿੰਮਤ ਸਿੰਘ ਤੇ ਨਿਊ ਸੁੰਦਰ ਨਗਰ ਤਿੰਨ ਮੁਲਾਜਮ ਪਾਜੀਟਿਵ ਪਾਏ ਗਏ ਸਨ ਉਥੇ ਐਤਵਾਰ ਨੂੰ ਹੁਣ ਉਨ੍ਹਾਂ ਦਾ 22 ਸਾਲਾ ਬੇਟਾ ਵੀ ਕੋਰੋਨਾ ਦੀ ਲਪੇਟ ਵਿਚ ਆ ਗਿਆ। ਇਕ ਹੀ ਪਰਿਵਾਰ ਵਿਚ ਕੋਰੋਨਾ ਪਾਜੀਟਿਵ ਦੇ 3 ਮਾਮਲੇ ਸਾਹਮਣੇ ਆ ਗਏ ਜਦੋਂ ਕਿ ਦੂਜੇ ਬੇਟੇ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਐਤਵਾਰ ਰਾਤ ਨੂੰ 11.30 ਵਜੇ ਦਿੱਲੀ ਵਿਚ ਸਥਿਤ ਗੁਰਦੁਆਰਾ ਤੋਂ 26 ਲੋਕਾਂ ਨੂੰ ਲੁਧਿਆਣਾ ਲਿਆਂਦਾ ਗਿਆ। ਉਨ੍ਹਾਂ ਨੂੰ ਮੈਰੀਟੋਰੀਅਸ ਸਕੂਲ ਦੇ ਆਈਸੋਲੇਸ਼ਨ ਸੈਂਟਰ ਵਿਚ ਭਰਤੀ ਕਰਵਾਇਆ ਗਿਆ। ਉਥੇ ਦੇਰ ਰਾਤ ਉਨ੍ਹਾਂ ਦੀ ਸਕਰੀਨਿੰਗ ਤੇ ਸੈਂਪਲਿੰਗ ਸ਼ੁਰੂ ਗਈ। ਇਹ ਲੋਕ ਕਾਫੀ ਸਮੇਂ ਤੋਂ ਦਿੱਲੀ ਵਿਚ ਫਸੇ ਹੋਏ ਸਨ।