Sharp mind tips: ਕੋਵਿਡ-19 ਦੇ ਪ੍ਰਭਾਵ ਕਾਰਨ ਜੋ ਸੂਬੇ ਅਤੇ ਦੇਸ਼ ਦਾ ਮਾਹੌਲ ਹੈ, ਉਸਨੂੰ ਦੇਖਦੇ ਹੋਏ ਸਰਕਾਰਾਂ ਨੇ ਤਾਲਾਬੰਦੀ ਲਾਗੂ ਕੀਤੀ ਹੈ। ਲੋਕਾਂ ਨੂੰ ਘਰ ‘ਚ ਰਹਿਣ ਦੀ ਹਦਾਇਤ ਅਤੇ ਬਾਹਰ ਨਿਕਲਣ ਤੇ ਲੱਗੀ ਪਾਬੰਦੀ ਦੇ ਚਲਦੇ ਪਰੇਸ਼ਾਨੀ ਦੇ ਆਲਮ ‘ਚ ਜਾਣ ਨਾਲੋਂ ਚੰਗਾ ਹੈ ਜੇਕਰ ਲੋਕ ਇਹਨਾਂ ਦਿਨਾਂ ‘ਚ ਆਪਣੇ ਉੱਤੇ ਕੰਮ ਕਰਨ, ਕੁਝ ਆਦਤਾਂ ਜੋ ਕਦੇ ਨਾ ਕਦੇ ਤੁਹਾਡੇ ਲਈ ਮੁਸ਼ਕਿਲ ਖੜੀ ਕਰਦੀਆਂ ਹਨ, ਉਹਨਾਂ ਨੂੰ ਬਦਲਣ ਵਾਸਤੇ ਅਤੇ ਕੁਝ ਚੰਗੀਆਂ ਆਦਤਾਂ ਗ੍ਰਹਿਣ ਕਰਨ ‘ਚ ਜੇ ਸਮਾਂ ਬਿਤਾਇਆ ਜਾਵੇ ਤਾਂ ਇਸਤੋਂ ਕਿਫ਼ਾਯਤੀ ਸਮੇਂ ਦਾ ਇਸਤੇਮਾਲ ਹੋਰ ਕੋਈ ਹੋ ਹੀ ਨਹੀਂ ਸਕਦਾ। ਅੱਜ ਤੁਹਾਨੂੰ ਜੋ ਸਲਾਹ ਦੇਣ ਜਾ ਰਹੇ ਹਾਂ, ਇਹ ਕੁਝ ਹਟਕੇ ਹੈ ਪਰ ਤੁਹਾਡੇ ਕੰਮ ਜ਼ਰੂਰ ਆਏਗੀ।
ਡਾਇਰੀ ਰੱਖੋ ਕੋਲ: ਲਾਪਰਵਾਹੀ ਨੂੰ ਤਿਆਗ ਕੇ ਖ਼ੁਦ ਨੂੰ ਦਰੁਸਤ ਕਰੋ। ਇਕ ਨੋਟਬੁੱਕ ਅਤੇ ਕਲਮ/ ਪੈੱਨ ਲਓ, ਰੋਜ਼ਾਨਾ ਉਨ੍ਹਾਂ ਸਾਰੀਆਂ ਚੀਜ਼ਾਂ ਦੀ ਸੂਚੀ ਬਣਾਓ ਜਿਨ੍ਹਾਂ ਦੀ ਤੁਹਾਨੂੰ ਜ਼ਰੂਰਤ ਹੈ, ਕਿਤੇ ਜਾਣਾ ਹੈ ਜਾਂ ਫ਼ੋਨ ਤੇ ਕਿਸੇ ਦੋਸਤ, ਮਿੱਤਰ ਭੈਣ-ਭਰਾ ਰਿਸ਼ਤੇਦਾਰ ਨਾਲ ਕੋਈ ਜ਼ਰੂਰੀ ਗੱਲ ਕੀਤੀ ਹੈ ਜੋ ਤੁਹਾਨੂੰ ਯਾਦ ਰੱਖਣ ਦੀ ਲੋੜ ਹੈ, ਫੌਰਨ ਆਪਣੀ ਨੋਟਬੁੱਕ ‘ਤੇ ਲਿਖੋ। ਡਾਕਟਰ ਨਾਲ ਮੀਟਿੰਗ ਅਤੇ ਕੁਝ ਜ਼ਰੂਰੀ ਵੇਰਵੇ ਜਿੰਨਾ ਦੀ ਬਾਅਦ ‘ਚ ਤੁਹਾਨੂੰ ਲੋੜ ਪੈ ਸਕਦੀ ਹੈ ਡਾਇਰੀ ‘ਚ ਲਿਖ ਲਓ ਤਾਂ ਜੋ ਤੁਹਾਨੂੰ ਬਾਅਦ ‘ਚ ਸੌਖੇ ਲੱਭ ਸਕਣ ਅਤੇ ਤੁਹਾਡੀ ਚਿੰਤਾ ਅਤੇ ਤਣਾਅ ਤੋਂ ਦੂਰੀ ਬਣੀ ਰਹੇ।
ਕੰਮਾਂ ਦੀ ਸੂਚੀ: ਤੁਹਾਡੇ ਆਪਣੇ ਤੁਹਾਨੂੰ ਭੁਲੱਕੜ ਨਾ ਆਖਣ, ਇਸ ਲਈ ਆਪਣੇ ਦਿਨ ਦੀ ਸਮਾਂ-ਸਾਰਨੀ ਦੇ ਰਿਕਾਰਡ ਦਾ ਹਿਸਾਬ ਰੱਖਣਾ ਸੌਖਾ ਬਣਾਓ। ਤੁਹਾਡੇ ਪਰਿਵਾਰ ਨੂੰ ਆਪਣੇ ਕੰਮਾਂ ਬਾਰੇ ਜਾਣਕਾਰੀ ਰਹੇ ਇਸ ਲਈ ਕਿਸੇ ਸਟੱਡੀ ਕਮਰੇ ‘ਚ ਲੱਗੇ ਬੋਰਡ ‘ਤੇ ਸਾਰੇ ਹਫ਼ਤਾਵਾਰੀ ਕੰਮਾਂ ਦੀ ਸੂਚੀ ਬਣਾ ਕੇ ਚਿਪਕਾ ਦਿਓ, ਵਿਸ਼ੇਸ਼ ਈਵੈਂਟ, ਜ਼ਰੂਰੀ ਤਰੀਕਾਂ ਅਤੇ ਉਹ ਫੋਨ ਨੰਬਰ ਜੋ ਤੁਸੀਂ ਰੋਜ਼ਾਨਾ ਵਰਤਦੇ ਹੋ, ਬੋਰਡ ‘ਤੇ ਨੋਟ ਬਣਾ ਕੇ ਲਗਾਓ। ਹੋ ਸਕੇ ਤੇ ਮੋਬਾਈਲ ‘ਚ ਵੋਇਸ ਨੋਟ ਜ਼ਰੀਏ ਵੀ ਇਸ ਸੂਚੀ ਨੂੰ ਸੇਵ ਰੱਖ ਸਕਦੇ ਹੋ। ਇਸ ਨਾਲ ਤੁਹਾਡੇ ਦਿਮਾਗ ਨੂੰ ਰਾਹਤ ਮਿਲੇਗੀ, ਅਤੇ ਹੋਰ ਜ਼ਰੂਰੀ ਕੰਮਾਂ ‘ਚ ਧਿਆਨ ਬਿਹਤਰ ਲੱਗੇਗਾ।
ਭੁੱਲਣ ਦੀ ਆਦਤ ਭਜਾਓ: ਕਈ ਵਾਰ ਸਾਨੂੰ ਲੱਗਦਾ ਹੈ ਕਿ ਅਸੀਂ ਚੀਜ਼ਾਂ ਭੁੱਲਣ ਲੱਗੇ ਹਾਂ, ਜਿਵੇਂ ਗੈਸ ਸਿਲੰਡਰ ਬੰਦ ਕਰਨ ਦੇ ਬਾਵਜੂਦ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਲੱਗੇ ਕਿ ਖੌਰੇ ਰਸੋਈ ਗ਼ੈਸ ਬੰਦ ਕੀਤੀ ਹੈ ਕਿ ਨਹੀਂ ਤਾਂ ਇਸਨੂੰ ਬੰਦ ਕਰਨ ਤੋਂ ਪਹਿਲਾਂ ਉੱਚੀ ਸਾਰੀ ਖ਼ੁਦ ਨਾਲ ਗੱਲ ਕਰੋ ਕਿ ‘ਮੈਂ ਗੈਸ ਸਿਲੰਡਰ ਬੰਦ ਕਰ ਦਿੱਤਾ ਹੈ’। ਇਹ ਤਰੀਕਾ ਤੁਹਾਡੇ ਹਰ ਕੰਮ ਵਾਸਤੇ ਸਹਾਈ ਹੋ ਸਕਦਾ ਹੈ।
ਦਿਮਾਗ਼ ਦੀ ਕਸਰਤ: ਦਿਮਾਗ਼ ਨੂੰ ਹਮੇਸ਼ਾ ਚੁਸਤ ਰੱਖਣ ਲਈ ਪਜ਼ਲ ਗੇਮਜ਼, ਟ੍ਰਿਕੀ ਖੇਡਾਂ ਖੇਡੋ। ਕਿਤਾਬਾਂ ਪੜ੍ਹਨ ਨਾਲ ਵੀ ਤੁਹਾਡੀ ਦਿਮਾਗ਼ੀ ਕਸਰਤ ਹੁੰਦੀ ਹੈ। ਥੋੜਾ ਪੜ੍ਹੋ ਚਾਹੇ, ਪਰ ਜ਼ਰੂਰ ਪੜ੍ਹੋ।
ਦਿਮਾਗ਼ ਨੂੰ ਅਰਾਮ ਦਿਓ: ਰੋਜ਼ ਇੱਕ ਘੰਟੇ ਦਾ ਸਮਾਂ ਆਪਣੇ ਦਿਮਾਗ਼ ਨੂੰ ਸ਼ਾਂਤ ਕਰਨ ਲਈ ਯੋਗਾ ਕਰੋ ਯਾਂ ਮੇਡੀਟੇਸ਼ਨ ਦਾ ਸਹਾਰਾ ਲਓ। ਇਸ ਨਾਲ ਤੁਹਾਡੇ ਦਿਮਾਗ਼ ਨੂੰ ਤਾਕਤ ਮਿਲੇਗੀ ਅਤੇ ਸ਼ਾਂਤੀ ਵੀ।
ਆਪਣੇ ਕੰਮ ਕਰਨ ਦੀ ਤੀਬਰਤਾ ਮਾਪੋ: ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਸਲੋਅ/ ਹੌਲੀ ਕੰਮ ਕਰਨ ਦੀ ਆਦਤ ਪੈ ਚੁੱਕੀ ਹੈ ਤਾਂ ਖ਼ੁਦ ਤੇ ਕੰਮ ਕਰੋ। ਆਪਣੇ ਕੰਮ ਕਰਨ ਦੀ ਸਪੀਡ ‘ਚ ਵਾਧੇ ਲਈ ਸਰੀਰਕ ਅਤੇ ਦਿਮਾਗ਼ੀ ਕਸਰਤ ਕਰੋ, ਖ਼ੁਦ ਨਾਲ ਗੱਲ ਕਰੋ ਅਤੇ ਜਿੱਥੇ ਤੁਹਾਨੂੰ ਕਮੀਆਂ ਮਹਿਸੂਸ ਹੁੰਦੀਆਂ ਉਹਨਾਂ ਨੂੰ ਦੂਰ ਕਰੋ।