Punjab Police exposes major : ਤਰਨਤਾਰਨ ਵਿਖੇ ਪੰਜਾਬ ਪੁਲਿਸ ਨੇ ਤਿੰਨ ਵਿਅਕਤੀਆਂ ਦੀ ਗ੍ਰਿਫਤਾਰੀ ਦੇ ਨਾਲ ਇੱਕ ਵੱਡੇ ਨਾਰਕੋ-ਗੈਂਗਸਟਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਨੂੰ ਕਥਿਤ ਤੌਰ ‘ਤੇ 532 ਕਿਲੋ ਅਟਾਰੀ ਮਾਮਲੇ ਨਾਲ ਜੋੜਿਆ ਜਾ ਰਿਹਾ ਹੈ। ਮੁਲਜ਼ਮਾਂ ਕੋਲੋਂ ਛੇ ਨਾਜਾਇਜ਼ ਹਥਿਆਰ ਜ਼ਬਤ ਕੀਤੇ ਗਏ ਹਨ, ਅਤੇ ਉਨ੍ਹਾਂ ਖਿਲਾਫ ਥਾਣਾ ਭਿੱਖੀਵਿੰਡ ਵਿਖੇ ਐਨਡੀਪੀਐਸ ਐਕਟ ਦੀ ਧਾਰਾ 27, 25, 54, 59 ਆਰਮਜ਼ ਐਕਟ, 188, 269, 270, 506 ਆਈਪੀਸੀ ਦੀ ਧਾਰਾ 27 ਅਤੇ ਆਫਤ ਮੈਨੇਜਮੈਂਟ ਐਕਟ ਦੀ 51 ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਸਾਈਏ ਦੇ ਇੰਚਾਰਜ ਅਤੇ ਡੀਐਸਪੀ/ਡਿਟੈਕਟਿਵ ਟੀਮ ਨੇ ਗੁਰਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਨਿਵਾਸੀ ਭਿਖੀਵਿੰਡ, ਸੁਖਦੇਵ ਸਿੰਘ ਪੁੱਤਰ ਲਖਵੀਰ ਸਿੰਘ ਨਿਵਾਸੀ ਪਿੰਡ ਜੌਣੇਕੇ ਅਤੇ ਸਰਬਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਪਿੰਡ ਵਾੜਾ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ ਬਰਾਮਦ ਕੀਤੇ ਗਏ ਹਥਿਆਰਾਂ ਵਿੱਚ 12 ਬੋਰ ਦੀ ਡਬਲ ਬੈਰਲ ਰਾਈਫਲ, ਇੱਕ 32 ਬੋਰ ਦੀ ਬੈਰੇਟਾ ਪਿਸਤੌਲ, ਦੋ 32 ਬੋਰ ਪਿਸਤੌਲ, ਇੱਕ 12 ਬੋਰ ਦੀ ਪਿਸਤੌਲ ਅਤੇ ਇੱਕ 315 ਬੋਰ ਦੀ ਪਿਸਤੌਲ ਸਮੇਤ 315 ਬੋਰ ਦੇ 2 ਜਿੰਦਾ ਕਾਰਤੂਸ ਅਤੇ 32 ਬੋਰ ਦੇ 2 ਜਿੰਦਾ ਕਾਰਤੂਸ ਸ਼ਾਮਲ ਹਨ।
ਡੀਜੀਪੀ ਨੇ ਦੱਸਿਆ ਕਿ ਗੁਰਪ੍ਰੀਤ ਕਥਿਤ ਤੌਰ ‘ਤੇ ਜੇਲ੍ਹ ਵਿੱਚ ਬੰਦ ਕਈ ਗੈਂਗਸਟਰਾਂ ਅਤੇ ਨਸ਼ਾ ਸਮੱਗਲਾਂ ਨਾਲ ਸਿੱਧੇ ਸੰਪਰਕ ਵਿੱਚ ਸੀ। ਡੀਜੀਪੀ ਨੇ ਅੱਗੇ ਦੱਸਿਆ ਕਿ ਐਸਐਸਪੀ ਧਰੁਵ ਧਈਆ ਦੀ ਅਗਵਾਈ ਵਾਲੀ ਟੀਮ ਵੱਲੋਂ ਕੀਤੀ ਗਈ ਜਾਂਚ ਦੇ ਅਧਾਰ ‘ਤੇ ਗਿਰੋਹ ਦੇ ਤਿੰਨ ਹੋਰ ਸਾਥੀਆਂ ਦੀ ਪਛਾਣ ਕੀਤੀ ਗਈ ਹੈ, ਜੋਕਿ ਫਿਰੋਜ਼ਪੁਰ ਦੇ ਵਸਨੀਕ ਹਨ। ਉਹ ਤਰਨਤਾਰਨ ਦੇ ਹਰੀਕੇ, ਪੱਟੀ ਅਤੇ ਭਿੱਖੀਵਿੰਡ ਖੇਤਰਾਂ ਵਿੱਚ ਹਥਿਆਰਾਂ ਦੀ ਸਪਲਾਈ ਵਿੱਚ ਸਰਗਰਮੀ ਨਾਲ ਸ਼ਾਮਲ ਪਾਏ ਗਏ। ਡੀਜੀਪੀ ਨੇ ਦੱਸਿਆ ਕਿ ਗੁਰਪ੍ਰੀਤ ਤੋਂ ਪੁੱਛ-ਗਿੱਛ ਵਿਚ ਸਾਹਮਣੇ ਆਇਆ ਹੈ ਕਿ ਉਸ ਦੇ ਬਟਾਲਾ ਦੇ ਗੈਂਗਟਰ ਸ਼ੁਭਮ ਨਾਲ ਵੀ ਸਿੱਧੇ ਸੰਪਰਕ ਸਨਹਨ ਜੋ ਕਿ 2018 ਵਿਚ ਅੰਮ੍ਰਿਤਸਰ ਦੀ ਗਹਿਣਿਆਂ ਦੀ ਦੁਕਾਨ 7 ਕਰੋੜ ਦੀ ਹਥਿਆਰਬੰਦ ਲੁੱਟ ਮਾਮਲੇ ਦਾ ਮੁੱਖ ਦੋਸ਼ੀ ਹੈ ਅਤੇ 2019 ਤੋਂ ਜੇਲ ਵਿਚ ਬੰਦ ਹੈ।
ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਗੁਰਪ੍ਰੀਤ ਸਿੰਘ ਕੁਲਦੀਪ ਸਿੰਘ ਉਰਫ ਬੱਬੂ ਪੁੱਤਰ ਹਰਭਜਨ ਸਿੰਘ ਵਾਸੀ ਹਵੇਲੀਆਂ (ਤਰਨਤਾਰਨ) ਦੇ ਨਾਲ ਸਿੱਧਾ ਸੰਪਰਕ ਵਿੱਚ ਸੀ, ਜੋ ਰਣਜੀਤ ਰਾਣਾ ਦਾ ਭਰਾ ਹੈ, ਜੋ ਕਿ 532 ਕਿਲੋ ਹੈਰੋਇਨ ਅਟਾਰੀ ਕੇਸ ਦਾ ਮੁੱਖ ਦੋਸ਼ੀ ਹੈ ਅਤੇ ਹਾਲ ਹੀ ਵਿੱਚ ਪੰਜਾਬ ਪੁਲਿਸ ਨੇ ਉਸਨੂੰ ਗ੍ਰਿਫਤਾਰ ਕੀਤਾ ਹੈ। ਗੁਰਪ੍ਰੀਤ ਸਿੰਘ ਦੇ ਲਿੰਕ ਸਰਬਜੀਤ ਸਿੰਘ ਉਰਫ ਸਾਬਾ ਪੁੱਤਰ ਸੁਖਦੇਵ ਸਿੰਘ ਨਿਵਾਸੀ ਲਾਹੌਰ ਚੌਕ (ਪੱਟੀ), ਜੋ ਕਿ 13 ਕਿੱਲੋ ਹੈਰੋਇਨ ਦੇ ਇੱਕ ਕੇਸ ਵਿੱਚ ਦੋਸ਼ੀ ਹੈ ਅਤੇ ਹੁਣ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਬੰਦ ਹੈ, ਨਾਲ ਵੀ ਪਾਏ ਗਏ ਹਨ। ਡੀਜੀਪੀ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਅਤੇ ਉਸਦੇ ਸਾਥੀਆਂ ਦੇ ਮੋਬਾਈਲ ਉਪਕਰਣਾਂ ਦਾ ਡੂੰਘਾਈ ਨਾਲ ਫੋਰੈਂਸਿਕ ਅਤੇ ਤਕਨੀਕੀ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ।